ਬਿਚੋਲਿਮ, 9 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਫੈਸਲਾਕੁਨ ਹੁੰਦੀ ਤਾਂ ਗੋਆ ਨੂੰ ਵੀ ਬਾਕੀ ਭਾਰਤ ਨਾਲ ਸੰਨ 1947 ਵਿਚ ਹੀ ਆਜ਼ਾਦੀ ਮਿਲ ਗਈ ਹੁੰਦੀ। ਚੋਣਾਂ ਤੋਂ ਪਹਿਲਾਂ ਗੋਆ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਗੋਆ ਨਾਲ ਕਾਂਗਰਸ ਨੇ ਹਮੇਸ਼ਾ ਅਨਿਆਂ ਕੀਤਾ, ਭਾਵੇਂ ਉਹ ਵਿਕਾਸ ਦਾ ਮਾਮਲਾ ਹੋਵੇ ਜਾਂ ਆਜ਼ਾਦੀ ਲੈਣ ਦਾ। ਜ਼ਿਕਰਯੋਗ ਹੈ ਕਿ ਗੋਆ ਪੁਰਤਗਾਲੀ ਸ਼ਾਸਨ ਤੋਂ 19 ਦਸੰਬਰ, 1961 ਵਿਚ ਆਜ਼ਾਦ ਹੋਇਆ ਸੀ। ਸ਼ਾਹ ਨੇ ਕਿਹਾ ਕਿ ਗੋਆ ਨੂੰ ਲੰਮੇ ਸੰਘਰਸ਼ ਮਗਰੋਂ ਆਜ਼ਾਦੀ ਮਿਲੀ। ਸ਼ਾਹ ਨੇ ਕਿਹਾ ਕਿ ਗੋਆ ਵਿਚ ਵੋਟਰਾਂ ਕੋਲ ਸਿਰਫ਼ ਦੋ ਬਦਲ ਹਨ- ਇਕ ਕਾਂਗਰਸ ਜਿਸ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ ਤੇ ਦੂਜੀ ਭਾਜਪਾ ਜਿਸ ਦੀ ਅਗਵਾਈ ਨਰਿੰਦਰ ਮੋਦੀ ਕਰ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਗੋਆ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ ਕਿ ਪੰਜ ਸਾਲਾਂ ਲਈ ਸੱਤਾ ਕਿਸ ਨੂੰ ਦੇਣੀ ਹੈ। ਉਨ੍ਹਾਂ ਦੋਵਾਂ ਪਾਰਟੀਆਂ ਦਾ ਰਾਜ ਦੇਖਿਆ ਹੈ ਤੇ ਭਾਜਪਾ ਨੇ ਸਥਿਰਤਾ ਤੇ ਵਿਕਾਸ ਲਿਆਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਅੱਜ ਗੋਆ ਵਿਚ ਚੋਣ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਵੀ ਕਿਹਾ ਕਿ ਜੇਕਰ ਹਥਿਆਰਬੰਦ ਬਲਾਂ ਨੂੰ ਹੁਕਮ ਦਿੱਤਾ ਜਾਂਦਾ ਤਾਂ ਗੋਆ 1947 ਵਿਚ ਹੀ ਆਜ਼ਾਦ ਕਰਾਇਆ ਜਾ ਸਕਦਾ ਸੀ। ਰੱਖਿਆ ਮੰਤਰੀ ਨੇ ਗੋਆ ਦੇ ਪੋਂਡਾ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਰਾਹੁਲ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿਚ ਕਾਂਗਰਸ ਆਗੂ ਨੇ ਕਿਹਾ ਸੀ ਕਿ ਭਾਜਪਾ ਨੇ ਚੀਨ ਤੇ ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਇਕੱਠੇ ਕਰ ਦਿੱਤਾ ਹੈ। -ਪੀਟੀਆਈ