ਲਾਹੌਰ: ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਅੱਜ ਮੁੰਬਈ ਹਮਲੇ ਦੇ ਮੁੱਖ ਸਰਗਣੇ ਤੇ ਜਮਾਤ-ਉਦ-ਦਾਵਾ (ਜੇਯੂਡੀ) ਦੇ ਮੁਖੀ ਹਾਫਿਜ਼ ਸਈਦ ਨੂੰ ਅਤਿਵਾਦ ਨਾਲ ਸਬੰਧਤ ਦੋ ਹੋਰ ਮਾਮਲਿਆਂ ’ਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸੰਯੁਕਤ ਰਾਸ਼ਟਰ ਵੱਲੋਂ ਅਤਿਵਾਦੀ ਐਲਾਨੇ ਗਏ ਸਈਦ ਨੂੰ ਪਿਛਲੇ ਸਾਲ 17 ਜੁਲਾਈ ਨੂੰ ਦਹਿਸ਼ਗਰਦੀ ਨੂੰ ਫੰਡਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਇੱਕ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਦਹਿਸ਼ਗਰਦੀ ਨੂੰ ਫੰਡਿੰਗ ਨਾਲ ਸਬੰਧਤ ਦੋ ਮਾਮਲਿਆਂ ’ਚ 11 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹਾਫਿਜ਼ ਸਈਦ ਇਸ ਸਮੇਂ ਲਾਹੌਰ ਦੀ ਊੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ ’ਚ ਬੰਦ ਹੈ। ਅਦਾਲਤ ਨੇ ਅੱਜ ਸਈਦ ਦੇ ਨਾਲ ਉਸ ਦੇ ਦੋ ਸਾਥੀਆਂ ਜ਼ਫਰ ਇਕਬਾਲ ਤੇ ਯਾਹੀਆ ਮੁਜਾਹਿਦ ਨੂੰ ਸਾਢੇ ਦਸ ਸਾਲ ਅਤੇ ਸਈਦ ਦੇ ਸਾਲੇ ਅਬਦੁਲ ਰਹਿਮਾਨ ਮੱਕੀ ਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। -ਪੀਟੀਆਈ