ਮੁਜ਼ੱਫਰਨਗਰ (ਉੱਤਰ ਪ੍ਰਦੇਸ਼), 7 ਜਨਵਰੀ
ਮੁਜ਼ੱਫਰਨਗਰ ਵਿਚ ਪੁਲੀਸ ਨੇ ਇਕ ਮਹਿਲਾ ਦੇ ਵਾਲਾਂ ਦਾ ਸਟਾਈਲ ਬਣਾਉਂਦੇ ਹੋਏ ਉਸ ਉੱਪਰ ਥੁੱਕਣ ਦੇ ਦੋਸ਼ ਹੇਠ ਮਸ਼ਹੂਰ ਹੇਅਰ ਡਰੈੱਸਰ ਜਾਵੇਦ ਹਬੀਬ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। 3 ਜਨਵਰੀ ਨੂੰ ਇੱਥੇ ਇਕ ਵਰਕਸ਼ਾਪ ਵਿਚ ਹੋਈ ਇਸ ਘਟਨਾ ਦਾ ਵੀਡੀਓ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋਇਆ। ਵੀਡੀਓ ਵਿਚ ਹਬੀਬ ਨੂੰ ਉੱਥੇ ਆਏ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, ‘‘ਜੇਕਰ ਪਾਣੀ ਦੀ ਘਾਟ ਹੈ ਤਾਂ ਥੁੱਕ ਦਾ ਇਸਤੇਮਾਲ ਕਰੋ।’’ ਪੁਲੀਸ ਨੇ ਦੱਸਿਆ ਕਿ ਬੜੌਤ ਸ਼ਹਿਰ ਦੀ ਵਸਨੀਕ ਪੂਜਾ ਗੁਪਤਾ ਦੀ ਸ਼ਿਕਾਇਤ ’ਤੇ ਇੱਥੋਂ ਦੇ ਮੰਸੂਰਪੁਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਵਰਕਸ਼ਾਪ ਦੌਰਾਨ ਹਬੀਬ ਨੇ ਪੂਜਾ ਗੁਪਤਾ ਦੇ ਵਾਲਾਂ ’ਤੇ ਥੁੱਕਿਆ ਸੀ। ਹਬੀਬ ’ਤੇ ਆਈਪੀਸੀ ਦੀ ਧਾਰਾ 355 ਅਤੇ ਮਹਾਮਾਰੀ ਰੋਗ ਕਾਨੂੰਨ, 1897 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਨੇ ਹਬੀਬ ਖ਼ਿਲਾਫ ਪ੍ਰਦਰਸ਼ਨ ਕੀਤਾ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। -ਪੀਟੀਆਈ