ਚੇਨੱਈ, 13 ਦਸੰਬਰ
ਸਿਆਸੀ ਧਿਰ ਐਮਐਨਐਮ ਦੇ ਮੁਖੀ ਕਮਲ ਹਸਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਨਵੀਂ ਸੰਸਦੀ ਇਮਾਰਤ ਉਸਾਰੇ ਜਾਣ ਪਿਛਲਾ ਕਾਰਨ ਕੀ ਹੈ, ਉਹ ਲੋਕਾਂ ਨੂੰ ਵੀ ਦੱਸਣ। ਉਨ੍ਹਾਂ ਕਿਹਾ ਕਿ ਇਕ ਹਜ਼ਾਰ ਕਰੋੜ ਰੁਪਿਆ ਨਵੀਂ ਇਮਾਰਤ ’ਤੇ ਖ਼ਰਚਿਆ ਜਾ ਰਿਹਾ ਹੈ, ਉਹ ਵੀ ਉਦੋਂ ‘ਜਦ ਅੱਧਾ ਭਾਰਤ ਭੁੱਖਾ ਹੈ, ਕਰੋਨਾਵਾਇਰਸ ਕਾਰਨ ਲੋਕਾਂ ਦੇ ਵੱਡੀ ਗਿਣਤੀ ਵਿਚ ਰੁਜ਼ਗਾਰ ਖੁੱਸ ਗਏ ਹਨ।’ ‘ਦਿ ਗ੍ਰੇਟ ਵਾਲ ਆਫ਼ ਚਾਈਨਾ’ ਨੂੰ ਨਵੀਂ ਇਮਾਰਤ ਦੀ ਉਸਾਰੀ ਨਾਲ ਜੋੜਦਿਆਂ ਦੱਖਣ ਭਾਰਤ ਦੇ ਫ਼ਿਲਮ ਸੁਪਰਸਟਾਰ ਨੇ ਕਿਹਾ ਕਿ ‘ਹਜ਼ਾਰਾਂ ਲੋਕ ਇਸ ਦੀ ਉਸਾਰੀ ਦੌਰਾਨ ਮਰ ਗਏ ਤੇ ਡਰੈਗਨ ਮੁਲਕ ਦੇ ਸ਼ਾਸਕਾਂ ਦਾ ਤਰਕ ਸੀ ਕਿ ਇਸ ਨੂੰ ਲੋਕਾਂ ਦੀ ਰੱਖਿਆ ਲਈ ਬਣਾਇਆ ਜਾ ਰਿਹਾ ਹੈ।’ ਟਵੀਟ ਕਰਦਿਆਂ ਕਮਲ ਹਸਨ ਨੇ ਪ੍ਰਧਾਨ ਮੰਤਰੀ ਤੋਂ ਇਮਾਰਤ ਦੀ ਉਸਾਰੀ ਬਾਰੇ ਜਵਾਬ ਮੰਗਿਆ। ਐਮਐਨਐਮ ਮੁਖੀ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਆਰੰਭ ਦਿੱਤਾ ਹੈ। ਚੋਣਾਂ ਅਪਰੈਲ-ਮਈ 2021 ਦੌਰਾਨ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਮੋਦੀ ਨੇ ਨਵੀਂ ਸੰਸਦੀ ਇਮਾਰਤ ਦਾ ਨੀਂਹ ਪੱਥਰ 10 ਦਸੰਬਰ ਨੂੰ ਰੱਖਿਆ ਹੈ। -ਪੀਟੀਆਈ