ਮੁੰਬਈ, 19 ਅਕਤੂਬਰ
ਭਾਰਤ ਦੀ ਅੱਧੀ ਅਬਾਦੀ ਨੂੰ ਅਗਲੇ ਸਾਲ ਫਰਵਰੀ ਤੱਕ ਕਰੋਨਾਵਾਇਰਸ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਊਂਜ ਸਰਕਾਰੀ ਕਮੇਟੀ ਦੇ ਮੈਂਬਰ ਮੁਤਾਬਕ ਇਸ ਨਾਲ ਮਰਜ਼ ਫੈਲਣ ਦੀ ਦਰ ’ਚ ਕਮੀ ਆਊਣ ’ਚ ਸਹਾਇਤਾ ਮਿਲੇਗੀ। ਇੰਡੀਅਨ ਇੰਸਟੀਚਿਊਟ ਫਾਰ ਟੈਕਨਾਲੋਜੀ ਕਾਨਪੁਰ ਦੇ ਪ੍ਰੋਫੈਸਰ ਅਤੇ ਕਮੇਟੀ ਮੈਂਬਰ ਮਨਿੰਦਰ ਅਗਰਵਾਲ ਨੇ ਰਾਇਟਰਜ਼ ਨੂੰ ਦੱਸਿਆ ਕਿ ਅੰਦਾਜ਼ਿਆਂ ਮੁਤਾਬਕ ਹੁਣ ਤੱਕ ਮੁਲਕ ਦੀ ਕਰੀਬ 30 ਫ਼ੀਸਦੀ ਅਬਾਦੀ ਕਰੋਨਾ ਤੋਂ ਪ੍ਰਭਾਵਿਤ ਹੈ ਅਤੇ ਇਹ ਅੰਕੜਾ ਫਰਵਰੀ ਤੱਕ 50 ਫ਼ੀਸਦੀ ਹੋ ਸਕਦਾ ਹੈ। ਕਮੇਟੀ ਦੇ ਅਨੁਮਾਨ ਸਰਕਾਰ ਵੱਲੋਂ ਕਰਵਾਏ ਗਏ ਸੀਰੋ ਸਰਵੇਖਣਾਂ ਨਾਲ ਮੇਲ ਨਹੀਂ ਖਾਂਦੇ ਹਨ ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ਸਤੰਬਰ ਤੱਕ ਸਿਰਫ਼ 14 ਫ਼ੀਸਦੀ ਅਬਾਦੀ ਹੀ ਕਰੋਨਾ ਤੋਂ ਪੀੜਤ ਸੀ। ਸ੍ਰੀ ਅਗਰਵਾਲ ਨੇ ਕਿਹਾ ਕਿ ਸੀਰੋ ਸਰਵੇਖਣਾਂ ਦੇ ਨਮੂਨੇ ਬਿਲਕੁਲ ਦਰੁਸਤ ਨਹੀਂ ਹੋ ਸਕਦੇ ਹਨ ਕਿਊਂਕਿ ਊਨ੍ਹਾਂ ਦੇ ਸੈਂਪਲਾਂ ਦੀ ਗਿਣਤੀ ਦਾ ਘੇਰਾ ਬਹੁਤ ਘੱਟ ਸੀ। ਊਂਜ ਕਮੇਟੀ ਦੀ ਐਤਵਾਰ ਨੂੰ ਜਾਰੀ ਰਿਪੋਰਟ ਗਿਣਤੀਆਂ-ਮਿਣਤੀਆਂ ਦੇ ਮਾਡਲ ’ਤੇ ਨਿਰਭਰ ਹੈ। ਊਨ੍ਹਾਂ ਕਿਹਾ,‘‘ਅਸੀਂ ਨਵਾਂ ਮਾਡਲ ਤਿਆਰ ਕੀਤਾ ਹੈ ਅਤੇ ਰਿਪੋਰਟ ਨਾ ਹੋਏ ਕੇਸਾਂ ਨੂੰ ਵੀ ਊਸ ’ਚ ਸ਼ਾਮਲ ਕੀਤਾ ਹੈ। ਇਸ ਲਈ ਪ੍ਰਭਾਵਿਤ ਵਿਅਕਤੀਆਂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ। ਇਕ ਸਾਹਮਣੇ ਆਏ ਕੇਸ ਅਤੇ ਦੂਜਾ ਜਿਨ੍ਹਾਂ ਦਾ ਪਤਾ ਨਹੀਂ ਲੱਗਾ।’’ ਕਮੇਟੀ ਨੇ ਖ਼ਬਰਦਾਰ ਕੀਤਾ ਹੈ ਕਿ ਜੇਕਰ ਇਹਤਿਆਤ ਨਾ ਵਰਤੀ ਗਈ ਤਾਂ ਊਨ੍ਹਾਂ ਦੇ ਅਨੁਮਾਨ ਗਲਤ ਵੀ ਹੋ ਸਕਦੇ ਹਨ ਅਤੇ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਇਕ ਮਹੀਨੇ ’ਚ 26 ਲੱਖ ਵੀ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਮੁਲਕ ’ਚ ਲਾਗ ਦੇ ਕੇਸ ਵੱਧ ਸਕਦੇ ਹਨ ਕਿਊਂਕਿ ਨਵੰਬਰ ਦੇ ਅੱਧ ਤੱਕ ਤਿਊਹਾਰ ਹੋਣਗੇ ਅਤੇ ਜੇਕਰ ਲੋਕਾਂ ਨੇ ਮਾਸਕ ਨਾ ਪਾਏ ਅਤੇ ਸਰੀਰਕ ਦੂਰੀ ਦੇ ਨੇਮਾਂ ਦਾ ਪਾਲਣ ਨਾ ਕੀਤਾ ਤਾਂ ਊਹ ਕਰੋਨਾ ਤੋਂ ਨਹੀਂ ਬਚ ਸਕਣਗੇ। -ਰਾਇਟਰਜ਼
ਆਲਮੀ ਪੱਧਰ ’ਤੇ ਕਰੋਨਾ ਕੇਸਾਂ ਦੀ ਗਿਣਤੀ ਚਾਰ ਕਰੋੜ ਤੋਂ ਟੱਪੀ
ਲੰਡਨ: ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਚਾਰ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਆਲਮੀ ਪੱਧਰ ’ਤੇ ਅੰਕੜੇ ਇਕੱਠੇ ਕਰਨ ਵਾਲੀ ਜੌਹਨਜ਼ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ, ਅੱਜ ਸਵੇਰੇ ਇਸ ਲਾਗ ਨਾਲ ਪੀੜਤਾਂ ਦੀ ਗਿਣਤੀ ਚਾਰ ਕਰੋੜ ਤੋਂ ਟੱਪ ਗਈ ਹੈ। ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਵੱਡੀ ਗਿਣਤੀ ਲੋਕਾਂ ਵਿੱਚ ਇਸ ਵਾਇਰਸ ਦੇ ਲੱਛਣ ਨਜ਼ਰ ਨਹੀਂ ਆ ਰਹੇ ਅਤੇ ਕੁੱਝ ਸਰਕਾਰਾਂ ਕੇਸਾਂ ਦੇ ਅੰਕੜਿਆਂ ਦੀ ਸਚਾਈ ਨੂੰ ਛੁਪਾ ਰਹੀਆਂ ਹਨ। -ਏਪੀ
ਕੋਵਿਡ ਕੇਸ 75 ਲੱਖ ਦੇ ਅੰਕੜੇ ਨੂੰ ਪਾਰ
ਨਵੀਂ ਦਿੱਲੀ: ਭਾਰਤ ਵਿੱਚ ਰੋਜ਼ਾਨਾ ਰਿਪੋਰਟ ਹੁੰਦੇ ਕਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਇਸ ਮਹੀਨੇ ਵਿੱਚ ਅੱਜ ਦੂਜੀ ਵਾਰ 60 ਹਜ਼ਾਰ ਤੋਂ ਹੇਠਾਂ ਰਹੀ ਹੈ ਜਦੋਂਕਿ ਦੇਸ਼ ਵਿੱਚ ਕਰੋਨਾ ਕਰਕੇ ਹੁੰਦੀਆਂ ਮੌਤਾਂ ਦਾ ਅੰਕੜਾ ਲਗਪਗ ਤਿੰਨ ਮਹੀਨਿਆਂ ਮਗਰੋਂ 600 ਤੋਂ ਘੱਟ ਦਰਜ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ 55,722 ਨਵੇਂ ਪਾਜ਼ੇਟਿਵ ਕੇਸਾਂ ਨਾਲ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 75,50,273 ਹੋ ਗਈ ਹੈ। ਇਸ ਤੋਂ ਪਹਿਲਾਂ 13 ਅਕਤੂਬਰ ਨੂੰ 60,000 ਤੋਂ ਘੱਟ ਕੇਸਾਂ ਦਾ ਅੰਕੜਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 579 ਹੋਰ ਮੌਤਾਂ ਨਾਲ ਕਰੋਨਾ ਦੀ ਲਾਗ ਕਰਕੇ ਮੌਤਾਂ ਦੀ ਗਿਣਤੀ 1,14,610 ਨੂੰ ਪੁੱਜ ਗਈ ਹੈ। ਅੱਜ ਲਗਾਤਾਰ ਤੀਜੇ ਦਿਨ ਕਰੋਨਾਵਾਇਸ ਦੀ ਲਾਗ ਤੋਂ ਪੀੜਤ ਸਰਗਰਮ ਕੇਸਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਰਹੀ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਸਰਗਰਮ ਕੇਸ 7,72,055 ਹਨ, ਜੋ ਕੁੱਲ ਕੇਸਲੋਡ ਦਾ 10.23 ਫੀਸਦ ਹੈ। ਹੁਣ ਤਕ 66,63,608 ਲੋਕਾਂ ਦੇ ਸਿਹਤਯਾਬ ਹੋਣ ਨਾਲ ਰਿਕਵਰੀ ਦਰ ਵਧ ਕੇ 88.26 ਫੀਸਦ ਹੋ ਗਈ ਹੈ। -ਪੀਟੀਆਈ
ਪੰਜਾਬ ’ਚ ਕਰੋਨਾ ਨੇ ਲਈਆਂ 17 ਹੋਰ ਜਾਨਾਂ
ਚੰਡੀਗੜ੍ਹ (ਟ.ਨ.ਸ.): ਪੰਜਾਬ ’ਚ ਕਰੋਨਾਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 17 ਹੋਰ ਜਾਨਾਂ ਚਲੀਆਂ ਗਈਆਂ ਹਨ। ਇਸ ਦੇ ਨਾਲ ਹੀ ਸੂਬੇ ’ਚ ਇਸ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 4029 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ’ਚ ਕਰੋਨਾ ਦੇ 473 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 884 ਨੂੰ ਸਿਹਤਯਾਬ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ’ਚ ਹੁਣ ਤੱਕ 23,39,398 ਲੋਕਾਂ ਦੇ ਸੈਂਪਲ ਲਏ ਗਏ ਹਨ।