ਟ੍ਰਿਬਿਊਨ ਨਿਊਜ਼ ਸਰਵਿਸ
ਅੰਬਾਲਾ ਸ਼ਹਿਰ, 8 ਫਰਵਰੀ
ਡੀਆਈਜੀ ਵਿਜੀਲੈਂਸ ਅਸ਼ੋਕ ਕੁਮਾਰ ਨੂੰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਮੰਗਲਵਾਰ ਤੱਕ ਰਾਹਤ ਦਿੰਦਿਆਂ ਗ੍ਰਿਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਹੁਣ ਮੰਗਲਵਾਰ ਨੂੰ ਹੀ ਡੀਆਈਜੀ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ ’ਤੇ ਬਹਿਸ ਵੀ ਹੋਵੇਗੀ। ਡੀਆਈਜੀ ਅਸ਼ੋਕ ਕੁਮਾਰ ਖ਼ਿਲਾਫ਼ ਬੀਤੀ ਰਾਤ ਅਨਿਲ ਵਿਜ ਦੇ ਭਾਈ ਕਪਿਲ ਵਿਜ ਨੇ ਸਰਹਿੰਦ ਕਲੱਬ ਵਿੱਚ ਸਮਾਰੋਹ ਦੌਰਾਨ ਵਾਪਰੀ ਘਟਨਾ ਸਬੰਧੀ ਅੰਬਾਲਾ ਛਾਉਣੀ ਪੁਲੀਸ ਕੋਲ ਕੇਸ ਦਰਜ ਕਰਵਾਇਆ ਸੀ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਪਿਲ ਵਿਜ ਨੇ ਦੱਸਿਆ ਕਿ ਫੌਨਿਕਸ ਕਲੱਬ ਦੇ ਸਾਬਕਾ ਚੇਅਰਮੈਨ ਰਾਕੇਸ਼ ਅਗਰਵਾਲ ਦੇ ਪੋਤੇ ਦਾ ਜਨਮਦਿਨ ਸੀ। ਇਸ ਸਬੰਧੀ ਸਰਹਿੰਦ ਕਲੱਬ ਵਿੱਚ ਸਮਾਰੋਹ ਕਰਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਖਾਣਾ ਖਾਣ ਲੱਗੇ ਤਾਂ ਉਥੇ ਪਹੁੰਚੇ ਡੀਆਈਜੀ ਅਸ਼ੋਕ ਨੇ ਉਸ ਦੇ ਪਰਿਵਾਰ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਵਰਜਿਆ ਤਾਂ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਨੂੰ (ਕਪਿਲ ਵਿਜ), ਦੋਸਤਾਂ ਤੇ ਪਰਿਵਾਰ ਨੂੰ ਇਤਰਾਜ਼ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਮਾਮਲੇ ਵਿੱਚ ਅੱਜ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਦੀ ਅਦਾਲਤ ਵਿੱਚ ਡੀਆਈਜੀ ਅਸ਼ੋਕ ਕੁਮਾਰ ਦੇ ਵਕੀਲ ਨੇ ਅੰਤ੍ਰਿਮ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕਰਦਿਆਂ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਉਪਰੋਕਤ ਦੋਸ਼ਾਂ ਤੋਂ ਇਨਕਾਰ ਕੀਤਾ।