ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਦਸੰਬਰ
ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਸਿਰਫ਼ ਪੰਜਾਬ ਨਾਲ ਸਬੰਧਤ ਦੱਸਣ ਦੇ ਦਾਅਵਿਆਂ ਦੇ ਐਨ ਉਲਟ ਕੌਮੀ ਰਾਜਧਾਨੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ਉਪਰ ਲੱਗੇ ਧਰਨਿਆਂ ਵਿੱਚ ਹਰਿਆਣਵੀ ਕਿਸਾਨਾਂ ਦਾ ਆਉਣਾ-ਜਾਣਾ ਜਾਰੀ ਹੈ।
ਦਿੱਲੀ ਨੂੰ ਤਿੰਨ ਪਾਸਿਉਂ ਘੇਰੇ ਹੋਏ ਹਰਿਆਣਾ ਦੇ ਕਈ ਇਲਾਕਿਆਂ ਤੋਂ ਦਿੱਲੀ ਆਉਣ ਜਾਣ ਲਈ ਮਸਾਂ 3-4 ਘੰਟੇ ਲੱਗਦੇ ਹਨ, ਜਿਸ ਕਰਕੇ ਕਿਸਾਨ ਸਵੇਰੇ 10-11 ਵਜੇ ਪਹੁੰਚ ਜਾਂਦੇ ਹਨ ਤੇ ਸਿੰਘੂ ਦੇ ਮੁੱਖ ਪੰਡਾਲ ਵਿੱਚ ਹਾਜ਼ਰੀ ਲਵਾ ਕੇ ਸ਼ਾਮ ਨੂੰ ਘਰਾਂ ਨੂੰ ਪਰਤ ਜਾਂਦੇ ਹਨ। ਰਾਤ ਸਮੇਂ ਫ਼ਤਿਆਬਾਦ, ਟੋਹਾਣਾ ਤੇ ਡੱਬਵਾਲੀ ਤੋਂ ਆਈਆਂ ਟਰਾਲੀਆਂ ਵਾਲੇ ਕਿਸਾਨ ਰਾਤਾਂ ਨੂੰ ਡਟੇ ਰਹਿੰਦੇ ਹਨ। ਦਿੱਲੀ ਨੇੜੇ ਹੋਣ ਕਰਕੇ ਹਰਿਆਣਵੀਆਂ ਦੇ ਰੋਜ਼ਾਨਾ ਆਉਣ-ਜਾਣ ਕਰਕੇ ਸੱਤਾਧਾਰੀ ਧਿਰਾਂ ਨੂੰ ਸ਼ਾਇਦ ਹਰਿਆਣਾ ਦੀ ਹਾਜ਼ਰੀ ਘੱਟ ਲੱਗਦੀ ਹੋਵੇ, ਪਰ ਦਿੱਲੀ ਦੇ ਧਰਨਿਆਂ ਵਿੱਚ ਉਨ੍ਹਾਂ ਦੀ ਹਾਜ਼ਰੀ ਰਹਿੰਦੀ ਹੈ।
ਸਿੰਘੂ ਬਾਰਡਰ ਉਪਰ ਸੋਨੀਪਤ ਦੇ ਗਨੌਰ ਸਮੇਤ ਹੋਰ ਇਲਾਕਿਆਂ ਤੋਂ ਕਿਸਾਨ ਪਹੁੰਚ ਰਹੇ ਹਨ ਜਦੋਂ ਕਿ ਟਿਕਰੀ ਬਾਰਡਰ ਉਪਰ ਰੋਹਤਕ ਤੇ ਗੁਰੂਗ੍ਰਾਮ ਸਮੇਤ ਹੋੋਰ ਇਲਾਕਿਆਂ ਤੋਂ ਕਿਸਾਨ ਪਹੁੰਚ ਰਹੇ ਹਨ।