ਜਗਤਾਰ ਸਮਾਲਸਰ
ਏਲਨਾਬਾਦ, 3 ਅਕਤੂਬਰ
ਇੱਥੋਂ ਦੇ ਪਿੰਡ ਬੁੱਢੀਮੇੜੀ ਵਿੱਚ ਐਤਵਾਰ ਰਾਤ ਇੱਕ ਵਿਅਕਤੀ ਦਾ ਕਤਲ ਹੋ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਬਲਵੰਤ ਸਿੰਘ (52) ਪੁੱਤਰ ਮੰਗਤ ਰਾਮ ਜਾਤੀ ਮੇਘਵਾਲ ਵਾਸੀ ਬੁਢੀਮੇੜੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੇ 3 ਪੁੱਤਰ ਹਨ ਜਿਨ੍ਹਾਂ ਵਿੱਚੋਂ ਦੋ ਹਾਲੇ ਅਣਵਿਆਹੇ ਹਨ, ਜੋ ਬਾਹਰ ਕੰਮ ਕਰਦੇ ਹਨ। ਜਦਕਿ ਇੱਕ ਵਿਆਹਿਆ ਹੋਇਆ ਹੈ, ਜਿਸ ਨਾਲ ਬਲਵੰਤ ਸਿੰਘ ਰਹਿ ਰਿਹਾ ਸੀ। ਉਹ ਲੜਕਾ ਵੀ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਮ੍ਰਿਤਕ ਦੀ ਨੂੰਹ ਅਤੇ ਉਸ ਦੇ ਬੱਚੇ ਸਾਲਾਸਰ ਧਾਮ ਗਏ ਹੋਏ ਸਨ। ਬਲਵੰਤ ਸਿੰਘ ਬੀਤੀ ਰਾਤ ਘਰ ਵਿਚ ਇਕੱਲਾ ਸੀ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਘਰ ਵਿੱਚ ਬਲਵੰਤ ਸਿੰਘ ਦੀ ਲਾਸ਼ ਪਈ ਸੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਭੇਜ ਦਿੱਤਾ ਹੈ। ਥਾਣਾ ਇੰਚਾਰਜ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।