ਚਰਖੀ ਦਾਦਰੀ, 1 ਸਤੰਬਰ
ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ ਗਊ ਦਾ ਮਾਸ ਖਾਣ ਦੇ ਸ਼ੱਕ ਹੇਠ ਇਕ ਪਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਜ਼ਿਲ੍ਹੇ ਵਿਚ ਸੁਰੱਖਿਆ ਬੰਦੋਬਸਤ ਸਖ਼ਤ ਕਰ ਦਿੱਤੇ ਗਏ ਹਨ, ਤਾਂ ਕਿ ਕਿਸੇ ਹੋਰ ਮਾੜੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਡੀਐੱਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੂਬਾਈ ਪੁਲੀਸ ਦੇ ਨਾਲ ਹੀ ਨੀਮ ਫ਼ੌਜੀ ਦਸਤੇ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਨੂੰ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਸੋਸ਼ਲ ਮੀਡੀਆ ਪੋਸਟਾਂ ਉਤੇ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ, ‘‘ਮਾਰਿਆ ਗਿਆ ਮਜ਼ਦੂਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਣਾ ਜ਼ਿਲ੍ਹੇ ਦਾ ਵਸਨੀਕ ਸੀ ਅਤੇ ਇਥੇ ਕੂੜਾ ਚੁਗਣ ਦਾ ਕੰਮ ਕਰਦਾ ਸੀ। ਅਸੀਂ ਸੂਬਾਈ ਪੁਲੀਸ ਦੇ ਨਾਲ ਐੱਸਐੱਸਬੀ ਦੀ ਇਕ ਕੰਪਨੀ ਤਾਇਨਾਤ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਉਤੇ ਕਰੀਬੀ ਨਿਗ੍ਹਾ ਰੱਖ ਰਹੇ ਹਾਂ।’’
ਇਕ ਕਥਿਤ ਕਤਲ ਦੇ ਦੋਸ਼ ਹੇਠ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। – ਏਐੱਨਆਈ