ਪਟਨਾ/ਨਵੀਂ ਦਿੱਲੀ, 1 ਨਵੰਬਰ
ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਲੋਕਾਂ ਵਿਚ ਨਫ਼ਰਤ ਫੈਲਾ ਕੇ ਲੜੀਆਂ ਅਤੇ ਜਿੱਤੀਆਂ ਨਹੀਂ ਜਾਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਸਿਹਤਮੰਦ ਲੋਕਤੰਤਰ ਵਿਚ ‘ਕੁੜੱਤਣ ਤੇ ਜ਼ਹਿਰੀਲੀਆਂ ਟਿੱਪਣੀਆਂ ਲਈ’ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨਾਲ ਹੀ ਭਰੋਸਾ ਜ਼ਾਹਿਰ ਕੀਤਾ ਕਿ ਐਨਡੀਏ ਬਿਹਾਰ ਚੋਣਾਂ ਜਿੱਤੇਗਾ ਤੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਐਲਜੇਪੀ ਦੇ ਗੱਠਜੋੜ ਵਿਚੋਂ ਬਾਹਰ ਹੋਣ ਨਾਲ ਸੱਤਾਧਾਰੀ ਧਿਰ ਨੂੰ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਪਾਸਵਾਨ ਦੀ ਪਾਰਟੀ ਨਾਲ ਭਾਜਪਾ ਦੀ ਅੰਦਰੂਨੀ ਸਾਂਝ ਹੈ। ਰਾਜਨਾਥ ਨੇ ਕਿਹਾ ਕਿ ਭਾਜਪਾ ਸਪੱਸ਼ਟ ਰਾਜਨੀਤੀ ਕਰਦੀ ਹੈ ਤੇ ਲੋਕਾਂ ਦੇ ਵਿਸ਼ਵਾਸ ਨਾਲ ਨਹੀਂ ਖੇਡਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਚਿਰਾਗ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਗੱਠਜੋੜ ਛੱਡਣ ਦੇ ਉਨ੍ਹਾਂ ਦੇ ਆਪਣੇ ਕਾਰਨ ਹਨ। ਰਾਜਨਾਥ ਨੇ ਕਿਹਾ ਕਿ ਚੋਣ ਭਾਸ਼ਣਾਂ ਦੌਰਾਨ ਨਿੱਜੀ ਦੁਸ਼ਮਣੀ ਨਹੀਂ ਕੱਢਣੀ ਚਾਹੀਦੀ ਤੇ ਟਿੱਪਣੀਆਂ ਕਰ ਕੇ ਕਿਸੇ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਉਣਾ ਸਿਹਤਮੰਦ ਸਿਆਸਤ ਲਈ ਠੀਕ ਨਹੀਂ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਅਜਿਹੇ ਢੰਗ-ਤਰੀਕੇ ਅਪਣਾਉਣ ਤੋਂ ਬਚਦੇ ਹਨ। ਰਾਜਨਾਥ ਨੇ ਬਿਹਾਰ ਵਿਚ ਦਰਜਨ ਤੋਂ ਵੱਧ ਰੈਲੀਆਂ ਨੂੰ ਸੰਬੋਧਨ ਕੀਤਾ ਹੈ ਤੇ ਅਗਲੇ ਦਿਨਾਂ ਵਿਚ ਹੋਰ ਰੈਲੀਆਂ ਵੀ ਕਰਨਗੇ। -ਪੀਟੀਆਈ