ਹਾਥਰਸ, 4 ਅਕਤੂਬਰ
ਹਾਥਰਸ ਜ਼ਿਲ੍ਹੇ ਦੇ ਬੁਲਗਾੜੀ ਪਿੰਡ ’ਚ ਅੱਜ ਪੁਲੀਸ ਨੇ ਜਬਰ ਜਨਾਹ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲਣ ਆਏ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਉੱਪ ਪ੍ਰਧਾਨ ਜਯੰਤ ਚੌਧਰੀ ਤੇ ਵਰਕਰਾਂ ’ਤੇ ਲਾਠੀਚਾਰਜ ਕਰ ਦਿੱਤਾ। ਇਸੇ ਦੌਰਾਨ ਇੱਥੋਂ ਦੇ ਸਾਬਕਾ ਵਿਧਾਇਕ ਰਾਜਵੀਰ ਸਿੰਘ ਦੇ ਘਰ ਕਥਿਤ ਤੌਰ ’ਤੇ ਉੱਚ ਜਾਤਾਂ ਦੇ ਲੋਕਾਂ ਨੇ ਮਹਾਪੰਚਾਇਤ ਵੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹਾਥਰਸ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲਣ ਲਈ ਰਾਸ਼ਟਰੀ ਲੋਕ ਦਲ ਦਾ ਵਫ਼ਦ ਆਇਆ ਸੀ। ਉਨ੍ਹਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦਾ ਵਫ਼ਦ ਪੀੜਤ ਪਰਿਵਾਰ ਨੂੰ ਮਿਲਣ ਗਿਆ ਹੋਇਆ ਸੀ ਤੇ ਪੁਲੀਸ ਨੇ ਸਪਾ ਦੇ ਵਰਕਰਾਂ ਨੂੰ ਰੋਕਣ ਲਈ ਪਿੰਡ ਦੇ ਬਾਹਰ ਬੈਰੀਕੇਡ ਲਗਾ ਰੱਖੇ ਸਨ। ਸਮਾਜਵਾਦੀ ਪਾਰਟੀ ਦਾ ਵਫ਼ਦ ਜਦੋਂ ਪੀੜਤ ਪਰਿਵਾਰ ਨੂੰ ਮਿਲਣ ਲਈ ਪਿੰਡ ’ਚ ਗਿਆ ਤਾਂ ਪਾਰਟੀ ਦੇ ਵਰਕਰ ਵੱਡੀ ਗਿਣਤੀ ’ਚ ਪਿੰਡ ਦੇ ਬਾਹਰ ਇਕੱਠੇ ਹੋ ਗਏ ਤੇ ਹੰਗਾਮਾ ਕਰਦੇ ਹੋਏ ਬੈਰੀਕੇਡਾਂ ’ਤੇ ਚੜ੍ਹ ਗਏ। ਪੁਲੀਸ ਨੇ ਸਪਾ ਵਰਕਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪਥਰਾਅ ਸ਼ੁਰੂ ਕਰ ਦਿੱਤਾ ਜਿਸ ਕਾਰਨ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ।
ਇਸੇ ਦੌਰਾਨ ਮੌਕੇ ’ਤੇ ਪਹੁੰਚੇ ਆਰਐੱਲਡੀ ਦੇ ਉੱਪ ਪ੍ਰਧਾਨ ਜਯੰਤ ਚੌਧਰੀ ਤੇ ਉਨ੍ਹਾਂ ਦੇ ਹਮਾਇਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਪੁਲੀਸ ਨੇ ਉਨ੍ਹਾਂ ’ਤੇ ਵੀ ਲਾਠੀਚਾਰਜ ਕਰ ਦਿੱਤਾ। ਆਰਐੱਲਡੀ ਆਗੂਆਂ ਨੇ ਸ਼ਾਂਤਮਈ ਵਫ਼ਦ ’ਤੇ ਪੁਲੀਸ ਦੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਪਾਰਟੀ ਦੇ ਸਾਬਕਾ ਬੁਲਾਰੇ ਕਪਤਾਨ ਸਿੰਘ ਚਹਿਰ ਨੇ ਕਿਹਾ ਕਿ ਜਯੰਤ ਚੌਧਰੀ ’ਤੇ ਲਾਠੀਚਾਰਜ ਯੂਪੀ ’ਚ ਜੰਗਲ ਰਾਜ ਦੀ ਨਿਸ਼ਾਨੀ ਹੈ। ਇਸ ਘਟਨਾ ’ਚ ਪਾਰਟੀ ਵਰਕਰ ਜ਼ਖ਼ਮੀ ਹੋ ਗਏ ਹਨ।
ਉੱਧਰ ਹਾਥਰਸ ਜਬਰ ਜਨਾਹ ਦੇ ਮਾਮਲੇ ’ਚ ਅੱਜ ਭਾਜਪਾ ਦੇ ਸਾਬਕਾ ਵਿਧਾਇਕ ਰਾਜਵੀਰ ਸਿੰਘ ਦੇ ਘਰ ਬਾਹਰ ਸੈਂਕੜਿਆਂ ਦੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਜਬਰ ਜਨਾਹ ਕੇਸ ਦੇ ਮੁਲਜ਼ਮਾਂ ਦੀ ਤਰਫ਼ਦਾਰੀ ਕਰਦਿਆਂ ਪੀੜਤ ਲੜਕੀ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਰਾਜਵੀਰ ਸਿੰਘ ਪਹਿਲਵਾਨ ਦੇ ਘਰ ਬਾਹਰ ਵੱਡੀ ਗਿਣਤੀ ’ਚ ਪੁਲੀਸ ਮੌਜੂਦ ਰਹੀ। ਹਾਲਾਂਕਿ ਪਹਿਲਵਾਨ ਨੇ ਪੁੱਤਰ ਮਨਵੀਰ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਮੀਟਿੰਗ ’ਚ ਸਿਰਫ਼ ਊੱਚ ਜਾਤਾਂ ਦੇ ਲੋਕ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇੱਥੇ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਲੋਕ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ, ‘ਅਸੀਂ ਮੁੱਖ ਮੰਤਰੀ ਵੱਲੋਂ ਕੇਸ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਸਾਨੂੰ ਜਾਂਚ ’ਤੇ ਪੂਰਾ ਭਰੋਸਾ ਹੈ।’ ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਪੀੜਤ ਪਰਿਵਾਰ ਆਪਣੇ ਪੱਖ ਨੂੰ ਵਾਰ ਵਾਰ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਸੂਬਾ ਸਰਕਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਸ ਦੀ ਮੁਲਜ਼ਮ ਕਿਸੇ ਵੀ ਜਾਂਚ ਲਈ ਤਿਆਰ ਹਨ।
-ਏਜੰਸੀਆਂ