ਹਾਥਰਸ, 5 ਅਕਤੂਬਰ
ਹਾਥਰਸ ਪੀੜਤਾ ਦੇ ਪਰਿਵਾਰ ਨੇ ਫ਼ੈਸਲਾ ਲਿਆ ਹੈ ਕਿ ਊਹ ਆਪਣੀ ਧੀ ਦੀਆਂ ਅਸਥੀਆਂ ਨਹੀਂ ਤਾਰੇਗਾ। ਪੁਲੀਸ ਵੱਲੋਂ 30 ਸਤੰਬਰ ਨੂੰ ਅੱਧੀ ਰਾਤ ਤੋਂ ਬਾਅਦ ਤਿੰਨ ਵਜੇ ਦੇ ਕਰੀਬ ਪੀੜਤਾ ਦਾ ਅੰਤਿਮ ਸਸਕਾਰ ਕੀਤੇ ਜਾਣ ਤੋਂ ਪਰਿਵਾਰ ਨਾਰਾਜ਼ ਹੈ। ਪੀੜਤਾ ਦੇ ਭਰਾ ਨੇ ਕਿਹਾ,‘‘ਹਮਕੋ ਕਿਆ ਪਤਾ ਕੀ ਵੋਹੀ ਹਮਾਰੀ ਬਹਿਨ ਥੀ। ਅਸੀਂ ਤਾਂ ਊਸ ਦਾ ਆਖਰੀ ਵਾਰ ਮੂੰਹ ਤੱਕ ਨਹੀਂ ਦੇਖਿਆ। ਮੈਂ ਮਾਨਵੀ ਆਧਾਰ ’ਤੇ ਫੁੱਲ ਚੁੱਗੇ ਹਨ ਕਿਊਂਕਿ ਜੇ ਊਹ ਮੇਰੀ ਭੈਣ ਨਹੀਂ ਤਾਂ ਕਿਸੇ ਦੀ ਤਾਂ ਹੋਵੇਗੀ। ਮੈਂ ਅਸਥੀਆਂ ਨੂੰ ਠੋਕਰ ਨਹੀਂ ਮਾਰਨਾ ਚਾਹੁੰਦਾ।’’ ਭਰਾ ਨੇ ਕਿਹਾ ਕਿ ਊਹ ਨਾਰਕੋ-ਪੌਲੀਗ੍ਰਾਫ਼ ਟੈਸਟ ਨਹੀਂ ਦੇਣਗੇ ਕਿਊਂਕਿ ਊਹ ਝੂਠ ਨਹੀਂ ਬੋਲ ਰਹੇ ਹਨ। ਊਸ ਮੁਤਾਬਕ ਇਹ ਟੈਸਟ ਮੁਲਜ਼ਮਾਂ ਅਤੇ ਪੁਲੀਸ ਕਰਮੀਆਂ ਦਾ ਹੋਣਾ ਚਾਹੀਦਾ ਹੈ ਜੋ ਇਸ ਮਾਮਲੇ ’ਚ ਝੂਠ ਬੋਲ ਰਹੇ ਹਨ।
ਯੂਪੀ ਸਰਕਾਰ ਨੇ ਪਰਿਵਾਰ ਨੂੰ ਸੁਰੱਖਿਆ ਦਿੱਤੀ: ਇਸ ਦੌਰਾਨ ਯੂਪੀ ਸਰਕਾਰ ਨੇ ਦਲਿਤ ਮਹਿਲਾ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਪੀੜਤਾ ਦੇ ਭਰਾ ਨੂੰ ਦੋ ਸੁਰੱਖਿਆ ਕਰਮੀ ਦਿੱਤੇ ਗਏ ਹਨ। ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨਿਸ਼ ਕੁਮਾਰ ਅਵਸਥੀ ਨੇ ਦੱਸਿਆ ਕਿ ਪਿੰਡ ’ਚ ਪਰਿਵਾਰ ਦੀ 24 ਘੰਟੇ ਸੁਰੱਖਿਆ ਲਈ ਪੀਏਸੀ ਦੇ 12 ਤੋਂ 15 ਜਵਾਨ ਤਾਇਨਾਤ ਕੀਤੇ ਗਏ ਹਨ।
ਭੀਮ ਆਰਮੀ ਦੇ ਮੁਖੀ ਅਤੇ ਕਾਰਕੁਨਾਂ ਖਿਲਾਫ਼ ਕੇਸ: ਹਾਥਰਸ ਵਿੱਚ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਣ ਗਏ ਭੀਮ ਆਰਮੀ ਦੇ ਆਗੂ ਚੰਦਰਸ਼ੇਖ਼ਰ ਆਜ਼ਾਦ ਤੇ ਚਾਰ-ਪੰਜ ਸੌ ਅਣਪਛਾਤਿਆਂ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 144 ਤੇ ਐਪੀਡੈਮਿਕ ਡਿਸੀਜ਼ਿਜ਼ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। -ਆਈਏਐਨਐਸ