ਹਾਥਰਸ/ਲਖਨਊ, 5 ਅਕਤੂਬਰ
ਹਾਥਰਸ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਹੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ’ਤੇ ਅੱਜ ਵਿਅਕਤੀ ਨੇ ਸਿਆਸੀ ਸੁੱਟ ਦਿੱਤੀ। ‘ਆਪ’ ਆਗੂ ਸੰਜੈ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲੀਸ ਦੀ ਸੁਰੱਖਿਆ ਵਿਚਾਲੇ ਪੀੜਤ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਹੇ ਸੀ ਤਾਂ ਦੀਪਕ ਸ਼ਰਮਾ ਨਾਂ ਦੇ ਵਿਅਕਤੀ ਨੇ ਉਨ੍ਹਾਂ ’ਤੇ ਸਿਆਹੀ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਰਕਤ ਪੁਲੀਸ ਦੀ ਹਾਜ਼ਰੀ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਉਨ੍ਹਾਂ ਨਾਲ ‘ਆਪ’ ਵਿਧਾਇਕਾ ਰਾਖੀ ਬਿਡਲਾਨ ਤੇ ਅਜੈ ਦੱਤ ਅਤੇ ਪਾਰਟੀ ਦੇ ਸੂਬਾਈ ਆਗੂ ਫੈਸਲ ਲਾਲਾ ਸਮੇਤ ਕਈ ਆਗੂ ਹਾਜ਼ਰ ਸਨ। ਸੰਜੈ ਸਿੰਘ ਨੇ ਬਾਅਦ ਵਿੱਚ ਟਵੀਟ ਕਰਕੇ ਇੱਕ ਫੋਟੋ ਟੈਗ ਕੀਤੀ ਜਿਸ ’ਚ ਸਿਆਹੀ ਸੁੱਟਣ ਵਾਲਾ ਦੀਪਕ ਸ਼ਰਮਾ ਏਡੀਜੀਪੀ ਪ੍ਰਸ਼ਾਂਤ ਕੁਮਾਰ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਟੀਵੀ ਚੈਨਲਾਂ ’ਤੇ ਚੱਲ ਰਹੀ ਫੁਟੇਜ ’ਚ ਦਿਖਾਇਆ ਗਿਆ ਹੈ ਕਿ ਸੰਜੈ ਸਿੰਘ ’ਤੇ ਸਿਆਹੀ ਸੁੱਟਣ ਵਾਲਾ ਵਿਅਕਤੀ ‘ਪੀਐੱਫਆਈ ਦਲਾਲ ਵਾਪਸ ਜਾਓ’ ਦੇ ਨਾਅਰੇ ਮਾਰ ਰਿਹਾ ਸੀ। ਸਥਾਨਕ ਪੁਲੀਸ ਅਨੁਸਾਰ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਟਨਾ ਲਈ ਯੂਪੀ ਸਰਕਾਰ ਦੀ ਨਿੰਦਾ ਕੀਤੀ ਹੈ। ਇਸੇ ਦੌਰਾਨ ਮਿਲੀ ਵੱਖਰੀ ਜਾਣਕਾਰੀ ਅਨੁਸਾਰ ਸੀਪੀਆਈ (ਐੱਮ) ਤੇ ਸੀਪੀਆਈ ਦਾ ਸਾਂਝਾ ਵਫ਼ਦ ਭਲਕੇ 6 ਅਕਤੂਬਰ ਨੂੰ ਹਾਥਰਸ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰੇਗਾ। -ਪੀਟੀਆਈ
ਅਧੀਰ ਨੇ ਪ੍ਰਧਾਨ ਮੰਤਰੀ ਦੀ ਚੁੱਪ ’ਤੇ ਸਵਾਲ ਚੁੱਕਿਆ
ਕੋਲਕਾਤਾ/ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਹਾਥਰਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ਚੁੱਪ’ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹੁਣ ‘ਸਭ ਦਾ ਸਾਥ, ਸਭ ਦਾ ਵਿਕਾਸ’ ਦੀ ਥਾਂ ‘ਚੁੱਪ ਰਹੋ ਭਾਰਤ, ਸ਼ਾਂਤ ਰਹੋ ਭਾਰਤ’ ਦਾ ਨਾਅਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਪਾਖੰਡ ਸਭ ਦੇ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸਥਾਨਕ ਤੋਂ ਲੈ ਕੇ ਆਲਮੀ ਮੁੱਦੇ ਤੱਕ ਬੋਲਦੇ ਹਨ ਤਾਂ ਫਿਰ ਉਹ ਯੂਪੀ ਦੇ ਹਾਥਰਸ ’ਚ ਲੜਕੀ ਦੀ ਹੱਤਿਆ ਤੇ ਕਥਿਤ ਸਮੂਹਿਕ ਜਬਰ ਜਨਾਹ ਦੀ ਘਟਨਾ ’ਤੇ ਚੁੱਪ ਕਿਉਂ ਹਨ। ਇਸੇ ਦੌਰਾਨ ਦਿੱਲੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਅਨਿਲ ਚੌਧਰੀ ਦੀ ਅਗਵਾਈ ਹੇਠ ਰਾਜਘਾਟ ’ਤੇ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ। ਉੱਧਰ ਅਹਿਮਦਾਬਾਦ ’ਚ ਹਾਥਰਸ ਘਟਨਾ ਦੇ ਰੋਸ ਵਜੋਂ ਬਿਨਾਂ ਇਜਾਜ਼ਤ ਰੋਸ ਮੁਜ਼ਾਹਰਾ ਕਰ ਰਹੇ ਕਾਂਗਰਸ ਦੇ 35 ਦੇ ਕਰੀਬ ਵਰਕਰਾਂ ਤੇ ਦੋ ਵਿਧਾਇਕਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। -ਪੀਟੀਆਈ