ਨਵੀਂ ਦਿੱਲੀ, 16 ਫਰਵਰੀ
ਦਿੱਲੀ-ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਹੱਦ ’ਤੇ ਧਰਨੇ ਦੇ ਰਹੇ ਕਿਸਾਨਾਂ ਵੱਲੋਂ ਅੱਜ ਬਸੰਤ ਪੰਚਮੀ ਮੌਕੇ ਵਾਤਾਵਰਨ ਦੀ ਸ਼ੁੱਧੀ ਲਈ ਹਵਨ ਕਰਦਿਆਂ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਪ੍ਰਧਾਨ ਮੰਤਰੀ ਨੂੰ ‘ਮਸਲਿਆਂ ਨੂੰ ਸਮਝਣ ਅਤੇ ਕਿਸਾਨਾਂ ਮੰਗਾਂ ਪ੍ਰਵਾਨ’ ਕਰਨ ਦਾ ਬਲ ਬਖਸ਼ਣ। ਧਾਰਮਿਕ ਰੀਤਾਂ ਮੁਤਾਬਕ ਪੰਜ ਲੱਕੜੀਆਂ ਅਤੇ ਗਊ ਦੇ ਗੋਬਰ ਦੀਆਂ ਪਾਥੀਆਂ ਰੱਖ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦੇਸ਼ ’ਚ ਮਾਰਚ ਮਹੀਨੇ ਮਨਾਏ ਜਾਂਦੇ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਹਵਨ ਮੌਕੇ ਹਾਜ਼ਰ ਸ਼ਾਮਲੀ (ਉੱਤਰ ਪ੍ਰਦੇਸ਼) ਦੇ ਕਿਸਾਨ ਦੇਵੀ ਸਿੰਘ ਨੇ ਕਿਹਾ, ‘ਸਿੰਘੂ ਹੱਦ ’ਤੇ ਹਾਜ਼ਰ ਕਿਸਾਨ ਸਵੇਰੇ ਵਾਤਾਵਰਨ ਸ਼ੁੱਧੀ ਲਈ ਕੀਤੀ ‘ਪੂਜਾ’ ਵਿਚ ਸ਼ਾਮਲ ਹੋਏ ਅਤੇ ਪ੍ਰਾਰਥਨਾ ਕੀਤੀ ਕਿ ਪ੍ਰਮਾਤਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਡੀਆਂ ਮੁਸ਼ਕਲਾਂ ਸਮਝਣ ਅਤੇ ਮੰਗਾਂ ਨੂੰ ਪ੍ਰਵਾਨ ਕਰਨ ਦੇ ਸਮਰੱਥਾ ਬਖ਼ਸ਼ਣ। ਹੱਦ ’ਤੇ ਪੰਜ ਲੱਕੜੀਆਂ ਰੱਖ ਕੇ ਅਸੀਂ ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ।’ ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਰੱਦ ਅਤੇ ਐੱਮਐੱੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਵੀ ਮੰਗ ਕੀਤੀ।
-ਪੀਟੀਆਈ