ਨਵੀਂ ਦਿੱਲੀ, 2 ਅਗਸਤ
ਦਿੱਲੀ ਪੁਲੀਸ ਦੇ ਕਮਿਸ਼ਨਰ ਵਜੋਂ ਰਾਕੇਸ਼ ਅਸਥਾਨਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਸਬੰਧੀ ਵਕੀਲ ਐਮ.ਐਲ. ਸ਼ਰਮਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ 5 ਅਗਸਤ ਨੂੰ ਸੁਣਵਾਈ ਕਰੇਗਾ। ਸੂਤਰਾਂ ਮੁਤਾਬਕ ਸੀਨੀਅਰ ਆਈਪੀਐੱਸ ਅਧਿਕਾਰੀ ਅਸਥਾਨਾ ਸੁਪਰੀਮ ਕੋਰਟ ਦੀ ਪੜਤਾਲ ਦੇ ਘੇਰੇ ਵਿਚ ਆ ਸਕਦੇ ਹਨ। ਸ਼ਰਮਾ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। 2018 ਵਿਚ ਅਦਾਲਤ ਨੇ ਕਿਹਾ ਸੀ ਕਿ ਯੂਪੀਐੱਸਸੀ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਕਮਿਸ਼ਨਰ ਦੇ ਅਹੁਦੇ ਲਈ ਉਸ ਅਫ਼ਸਰ ਨੂੰ ਚੁਣਨਾ ਚਾਹੀਦਾ ਹੈ ਜਿਸ ਦੀ ਦੋ ਸਾਲ ਦੀ ਨੌਕਰੀ ਬਾਕੀ ਰਹਿੰਦੀ ਹੋਵੇ। -ਏਜੰਸੀ
ਸੀਬੀਆਈ ਦੇ ਸਾਬਕਾ ਮੁਖੀ ਵਰਮਾ ਖ਼ਿਲਾਫ਼ ਕਾਰਵਾਈ ਦੇ ਆਸਾਰ ਬਣੇ
ਨਵੀਂ ਦਿੱਲੀ: ਸੀਬੀਆਈ ਦੇ ਸਾਬਕਾ ਮੁਖੀ ਅਲੋਕ ਵਰਮਾ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਕੇਂਦਰ ਨੇ ਯੂਪੀਐੱਸਸੀ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ। ਵਰਮਾ ਉਤੇ ਸੀਬੀਆਈ ਵਿਚਲੇ ਆਪਣੇ ਅਹੁਦੇ ਦੀ ਦੁਵਰਤੋਂ ਕਰਨ ਦਾ ਦੋਸ਼ ਹੈ। ਨੌਕਰੀ ਦੇ ਨੇਮਾਂ ਦੀ ਉਲੰਘਣਾ ਦਾ ਦੋਸ਼ ਵੀ ਲਾਇਆ ਗਿਆ ਹੈ। ਜੇਕਰ ਉਨ੍ਹਾਂ ਖ਼ਿਲਾਫ਼ ਕਾਰਵਾਈ ਹੁੰਦੀ ਹੈ ਤਾਂ ਉਹ ਆਪਣੇ ਸੇਵਾਮੁਕਤੀ ਦੇ ਲਾਭਾਂ ਤੋਂ ਹੱਥ ਧੋ ਬੈਠਣਗੇ। -ਏਜੰਸੀ