ਕੋਚੀ, 13 ਦਸੰਬਰ
ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾਉਣ ਦੀ ਮੰਗ ਕਰਨ ਵਾਲੀ ਅਰਜ਼ੀ ’ਤੇ ਕੇਰਲਾ ਹਾਈ ਕੋਰਟ ਨੇ ਪਟੀਸ਼ਨਰ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਸ਼ਰਮਿੰਦਾ ਹਨ।
ਜਸਟਿਸ ਪੀ ਵੀ ਕੁਨਹੀਕ੍ਰਿਸ਼ਨਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੁਲਕ ਦੇ ਲੋਕਾਂ ਨੇ ਚੁਣ ਕੇ ਸੱਤਾ ਸੌਂਪੀ ਹੈ ਅਤੇ ਉਨ੍ਹਾਂ ਦੀ ਤਸਵੀਰ ਵੈਕਸੀਨੇਸ਼ਨ ਸਰਟੀਫਿਕੇਟ ’ਤੇ ਹੋਣ ਨਾਲ ਕੀ ਗਲਤ ਹੋ ਰਿਹਾ ਹੈ। ਜਦੋਂ ਪਟੀਸ਼ਨਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹੋਰ ਮੁਲਕਾਂ ’ਚ ਅਜਿਹੀ ਕੋਈ ਰਵਾਇਤ ਨਹੀਂ ਹੈ ਤਾਂ ਜੱਜ ਨੇ ਜ਼ੁਬਾਨੀ ਕਿਹਾ,‘‘ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੇ ਪ੍ਰਧਾਨ ਮੰਤਰੀ ’ਤੇ ਮਾਣ ਨਾ ਹੋਵੇ ਪਰ ਸਾਨੂੰ ਆਪਣੇ ਪ੍ਰਧਾਨ ਮੰਤਰੀ ’ਤੇ ਪੂਰਾ ਮਾਣ ਹੈ। ਕੀ ਤੁਹਾਨੂੰ ਉਨ੍ਹਾਂ ਦੇ ਪ੍ਰਧਾਨ ਮੰਤਰੀ ਹੋਣ ’ਤੇ ਸ਼ਰਮ ਆਉਂਦੀ ਹੈ? ਉਹ ਲੋਕਾਂ ਦੇ ਫਤਵੇ ਨਾਲ ਸੱਤਾ ’ਚ ਆਏ ਹਨ।
ਸਾਡੇ ਸਿਆਸੀ ਵਿਚਾਰ ਭਾਵੇਂ ਵੱਖੋ ਵੱਖਰੇ ਹੋਣ ਪਰ ਉਹ ਅਜੇ ਵੀ ਸਾਡੇ ਪ੍ਰਧਾਨ ਮੰਤਰੀ ਹਨ।’’ ਪਟੀਸ਼ਨਰ ਪੀਟਰ ਮਿਆਲੀਪਰਮਪਿਲ ਨੇ ਕਿਹਾ ਕਿ ਸਰਟੀਫਿਕੇਟ ’ਤੇ ਵਿਅਕਤੀ ਦਾ ਨਿੱਜੀ ਰਿਕਾਰਡ ਦਰਜ ਹੈ ਅਤੇ ਇਸ ਨਾਲ ਕਿਸੇ ਵਿਅਕਤੀ ਦੀ ਨਿੱਜਤਾ ’ਚ ਦਖ਼ਲ ਦੇਣਾ ਠੀਕ ਨਹੀਂ ਹੈ।
ਇਸ ’ਤੇ ਅਦਾਲਤ ਨੇ ਕਿਹਾ ਕਿ ਦੇਸ਼ ਦੇ 100 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਸਰਟੀਫਿਕੇਟ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਕੁਝ ਵੀ ਸਮੱਸਿਆ ਨਹੀਂ ਹੈ ਤਾਂ ਤੁਹਾਨੂੰ ਕੀ ਮੁਸ਼ਕਲ ਹੈ। ਜੱਜ ਨੇ ਕਿਹਾ ਕਿ ਉਹ ਅਰਜ਼ੀ ਦੀ ਯੋਗਤਾ ਬਾਰੇ ਪੜਤਾਲ ਕਰਨਗੇ ਅਤੇ ਜੇਕਰ ਇਹ ਖਰੀ ਨਾ ਹੋਈ ਤਾਂ ਮਾਮਲੇ ਨੂੰ ਖਾਰਜ ਕਰ ਦਿੱਤਾ ਜਾਵੇਗਾ। -ਪੀਟੀਆਈ