ਨਵੀਂ ਦਿੱਲੀ, 25 ਜੂਨ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਦਿੱਲੀ ਹਾਈ ਕੋਰਟ ਮਨੀ ਲਾਂਡਰਿੰਗ ਮਾਮਲੇ ’ਚ ‘ਆਪ’ ਆਗੂ ਤੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੀ ਅਗਲੀ ਤਰੀਕ ਨੂੰ ਫ਼ੈਸਲਾ ਸੁਣਾਏਗਾ। ਸਰਵਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਜ਼ਮਾਨਤ ਦੇ ਮਾਮਲਿਆਂ ਨੂੰ ਬੇਲੋੜੇ ਢੰਗ ਨਾਲ ਮੁਲਤਵੀ ਨਹੀਂ ਕਰਨਾ ਚਾਹੀਦਾ। ਜਸਟਿਸ ਮਨੋਜ ਮਿਸ਼ਰਾ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਬੈਂਚ ਨੇ ਜੈਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਛੇ ਹਫ਼ਤਿਆਂ ਲਈ ਮੁਲਤਵੀ ਕਰਨ ਦੇ ਹਾਈ ਦੇ ਫ਼ੈਸਲੇ ਖ਼ਿਲਾਫ਼ ਉਨ੍ਹਾਂ ਦੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਇਹ ਟਿੱਪਣੀ ਕੀਤੀ। ਬੈਂਚ ਨੇ ਕਿਹਾ, ‘ਇਹ ਕਹਿਣ ਦੀ ਲੋੜ ਨਹੀਂ ਹੈ ਕਿ ਜ਼ਮਾਨਤ ਦੇ ਮਾਮਲਿਆਂ ਨੂੰ ਬੇਲੋੜੇ ਢੰਗ ਨਾਲ ਮੁਲਤਵੀ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਸਾਨੂੰ ਉਮੀਦ ਹੈ ਤੇ ਭਰੋਸਾ ਹੈ ਕਿ ਹਾਈ ਕੋਰਟ ਸੁਣਵਾਈ ਦੀ ਅਗਲੀ ਤਾਰੀਕ ’ਤੇ ਆਪਣਾ ਫੈਸਲਾ ਸੁਣਾਏਗਾ। ਹਾਈ ਕੋਰਟ ਨੇ ਜੈਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 9 ਜੁਲਾਈ ਤੈਅ ਕੀਤੀ ਹੈ। -ਪੀਟੀਆਈ