ਨਵੀਂ ਦਿੱਲੀ, 22 ਨਵੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਕੁਝ ਵਿਦਿਆਰਥੀਆਂ ਦੀ ਉਸ ਪਟੀਸ਼ਨ ’ਤੇ 6 ਦਸੰਬਰ ਨੂੰ ਸੁਣਵਾਈ ਕਰੇਗਾ, ਜਿਸ ਵਿਚ ਵਿਦਿਆਰਥੀਆਂ ਨੇ ਉਨ੍ਹਾਂ ਦੇ ਅਸਲੀ ਪ੍ਰੀਖਿਆ ਨਤੀਜੇ ਸੁਰੱਖਿਅਤ ਰੱਖਣ ਦੇ ਨਿਰਦੇਸ਼ ਸੀਬੀਐੱਸਈ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਹ ਵਿਦਿਆਰਥੀ 12ਵੀਂ ਜਮਾਤ ਵਿਚ ਆਪਣੇ ਅੰਕ ਸੁਧਾਰਨ ਲਈ ਇਸ ਸਾਲ ਸੀਬੀਐੱਸਈ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ।
ਇਹ ਪਟੀਸ਼ਨ ਉਨ੍ਹਾਂ 11 ਵਿਦਿਆਰਥੀਆਂ ਨੇ ਦਾਇਰ ਕੀਤੀ ਹੈ, ਜਿਨ੍ਹਾਂ ਨੂੰ ਸੀਬੀਐੱਸਈ ਵੱਲੋਂ 30:30:40 ਦੀ ਮੁਲਾਂਕਣ ਨੀਤੀ ਦੇ ਆਧਾਰ ’ਤੇ ਅਸਲੀ ਨਤੀਜਿਆਂ ਵਿਚ ਪਾਸ ਐਲਾਨਿਆ ਗਿਆ ਸੀ ਅਤੇ ਬਾਅਦ ਵਿਚ ਇਸ ਸਾਲ ਅਗਸਤ-ਸਤੰਬਰ ਵਿਚ ਹੋਈਆਂ ਸੁਧਾਰ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੋਰਡ ਨੇ ਅੰਕ ਸੁਧਾਰ ਲਈ ਹੋਈ ਪ੍ਰੀਖਿਆ ਵਿਚ ਜਾਂ ਤਾਂ ਪਟੀਸ਼ਨਰਾਂ ਨੂੰ ਫੇਲ੍ਹ ਐਲਾਨ ਦਿੱਤਾ ਹੈ ਜਾਂ ਉਨ੍ਹਾਂ ਨੂੰ ਬਹੁਤ ਹੀ ਘੱਟ ਅੰਕ ਦਿੱਤੇ ਹਨ। ਪਟੀਸ਼ਨਰਾਂ ਨੂੰ ਸ਼ੱਕ ਹੈ ਕਿ ਕਿਤੇ ਇਸ ਦੇ ਆਧਾਰ ’ਤੇ ਉਨ੍ਹਾਂ ਦੇ ਅਸਲੀ ਨਤੀਜਿਆਂ ਨੂੰ ਹੀ ਰੱਦ ਨਾ ਕਰ ਦਿੱਤਾ ਜਾਵੇ, ਜਿਸ ਵਿਚ ਉਨ੍ਹਾਂ ਨੂੰ ਪਾਸ ਐਲਾਨਿਆ ਗਿਆ ਸੀ। ਇਹ ਮਾਮਲਾ ਜਦੋਂ ਜਸਟਿਸ ਏ.ਐੱਮ. ਖਾਨਵਿਲਕਰ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਦੇ ਬੈਂਚ ਸਾਹਮਣੇ ਸੁਣਵਾਈ ਲਈ ਆਇਆ ਤਾਂ ਸੀਬੀਐੱਸਈ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਹੀ ਪਟੀਸ਼ਨ ਦੀ ਕਾਪੀ ਮਿਲੀ ਹੈ ਅਤੇ ਉਨ੍ਹਾਂ ਨੂੰ ਨਿਰਦੇਸ਼ਾਂ ਲਈ ਕੁਝ ਸਮਾਂ ਚਾਹੀਦਾ ਹੈ। ਉਪਰੰਤ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 6 ਦਸੰਬਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ। ਵਕੀਲ ਰਵੀ ਪ੍ਰਕਾਸ਼ ਰਾਹੀਂ ਦਾਇਰ ਇਸ ਪਟੀਸ਼ਨ ਵਿਚ ਸੀਬੀਐੱਸਈ ਨੂੰ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਫੇਲ੍ਹ ਨਾ ਐਲਾਨਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਨੂੰ ਮੁਲਾਂਕਣ ਨੀਤੀ ਦੇ ਆਧਾਰ ’ਤੇ ਅਸਲੀ ਨਤੀਜਿਆਂ ਵਿਚ ਪਹਿਲਾਂ ਪਾਸ ਐਲਾਨਿਆ ਗਿਆ ਸੀ। -ਪੀਟੀਆਈ