ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਵਰਤੋਂਕਾਰਾਂ ਦਾ ਡੇਟਾ ਫੇਸਬੁੱਕ ਤੇ ਹੋਰਾਂ ਨਾਲ ਸਾਂਝਾ ਕਰਨ ਵਾਲੀ ਵੱਟਸਐਪ ਦੀ ਨੀਤੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ 17 ਜਨਵਰੀ 2023 ਨੂੰ ਸੁਣਵਾਈ ਕਰੇਗਾ। ਇਸ ਸਬੰਧੀ ਦੋ ਵਿਦਿਆਰਥੀਆਂ ਵੱਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ ਸੀ ਕਿ ਵਰਤੋਂਕਾਰਾਂ ਦੀ ਜਾਣਕਾਰੀ ਮਾਲਕੀ ਵਾਲੀ ਕੰਪਨੀ ਫੇਸਬੁੱਕ ਜਾਂ ਕਿਸੇ ਹੋਰ ਨਾਲ ਸਾਂਝੀ ਕਰਨੀ ਉਨ੍ਹਾਂ ਦੀ ਨਿੱਜਤਾ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ। ਜਸਟਿਸ ਕੇਐੱਮ ਜੋਸਫ਼ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਸਾਰੀਆਂ ਧਿਰਾਂ ਨੂੰ 15 ਦਸੰਬਰ ਤੱਕ ਦਲੀਲਾਂ ਪੇਸ਼ ਕਰਨ ਨੂੰ ਕਿਹਾ ਹੈ। -ਪੀਟੀਆਈ