ਨਵੀਂ ਦਿੱਲੀ: ਉੱਤਰੀ ਭਾਰਤ ਭਾਰੀ ਗਰਮੀ ਦੀ ਮਾਰ ਹੇਠ ਹੈ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ’ਚ ਅੱਜ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਕਿ ਮੀਂਹ ਵਾਲੀਆਂ ਪੂਰਬੀ ਪੌਣਾਂ 10 ਜੁਲਾਈ ਨੂੰ ਪੰਜਾਬ, ਹਰਿਆਣਾ ਅਤੇ ਉੱਤਰ ਭਾਰਤੀ ਖੇਤਰ ’ਚ ਪਹੁੰਚਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ’ਚ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ ਜਦਕਿ 10 ਜੁਲਾਈ ਨੂੰ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸੇ ਦੌਰਾਨ ਕੌਮੀ ਰਾਜਧਾਨੀ ’ਚ ਅੱਜ ਚੌਥੇ ਦਿਨ ਗਰਮ ਹਵਾਵਾਂ ਚੱਲਦੀਆਂ ਰਹੀਆਂ ਅਤੇ ਤਾਪਮਾਨ 41.8 ਡਿਗਰੀ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਨੇ ਦਿੱਲੀ ’ਚ ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਭਾਰੀ ਗਰਮੀ ਦੌਰਾਨ ਅੱਜ ਪੰਜਾਬ ਵਿੱਚ ਅੱਜ ਅੰਮ੍ਰਿਤਸਰ ਤੇ ਪਟਿਆਲਾ ਦਾ ਤਾਪਮਾਨ ਕ੍ਰਮਵਾਰ 40 ਤੇ 41.4 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਦਰਜੇ ਵੱਧ ਹੈ। ਬਠਿੰਡਾ ਦਾ ਤਾਪਮਾਨ 40.4 ਡਿਗਰੀ ਰਿਹਾ। ਰਾਜਸਥਾਨ ’ਚ ਵਿੱਚ ਗਰਮੀ ਦਾ ਕਹਿਰ ਜਾਰੀ ਰਿਹਾ ਅਤੇ ਸੂਬੇ ਦੇ ਕਿਸੇ ਵੀ ਮੁੱਖ ਜ਼ਿਲ੍ਹੇ ’ਚ ਬਾਰਿਸ਼ ਦਰਜ ਨਹੀਂ ਕੀਤੀ ਗਈ। ਦੂਜੇ ਪਾਸੇ ਉੱਤਰਾਖੰਡ ’ਚ ਭਾਰੀ ਬਾਰਿਸ਼ ਕਾਰਨ ਇੱਕ ਪੁਲ ਢਹਿ ਗਿਆ। -ਪੀਟੀਆਈ