ਆਤਿਸ਼ ਗੁਪਤਾ
ਚੰਡੀਗੜ੍ਹ, 27 ਅਗਸਤ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। ਇਸ ਮੀਂਹ ਨਾਲ ਲੋਕਾਂ ਨੂੰ ਜਿੱਥੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਸੂਬੇ ਦੇ ਕਈ ਸ਼ਹਿਰਾਂ ਨੂੰ ਜਲਥਲ ਕਰ ਕੇ ਰੱਖ ਦਿੱਤਾ। ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਤੇ ਲੋਕਾਂ ਨੂੰ ਲੰਘਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਰਕੇ ਸੂਬੇ ਦਾ ਤਾਪਮਾਨ ਆਮ ਨਾਲੋਂ 2 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਮੌਸਮ ਵਿਗਿਆਨੀਆਂ ਨੇ 28 ਅਗਸਤ ਨੂੰ ਸੂਬੇ ’ਚ ਯੈਲੋ ਅਲਰਟ ਜਾਰੀ ਕੀਤਾ ਹੈ।
ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਲੰਘੀ ਰਾਤ ਕ੍ਰਿਸ਼ਨ ਜਨਮਅਸ਼ਟਮੀ ’ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਕਿ ਸਾਰੀ ਰਾਤ ਪੈਂਦਾ ਰਿਹਾ ਹੈ। ਇਸੇ ਤਰ੍ਹਾਂ ਅੱਜ ਬਾਅਦ ਦੁਪਹਿਰ ਵੀ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਮੀਂਹ ਪਿਆ ਹੈ। ਮੀਂਹ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ ਗਏ, ਉੱਧਰ ਬਿਜਲੀ ਦੀ ਮੰਗ ਘਟਣ ਕਰਕੇ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 48.8 ਐੱਮਐੱਮ, ਲੁਧਿਆਣਾ ਵਿੱਚ 15 ਐੱਮਐੱਮ, ਪਟਿਆਲਾ 42.3 ਐੱਮਐੱਮ, ਪਠਾਨਕੋਟ 39.4 ਐੱਮਐੱਮ, ਬਠਿੰਡਾ ਏਅਰਪੋਰਟ ’ਤੇ 12.8 ਤੇ ਬਠਿੰਡਾ ਸ਼ਹਿਰ ਵਿੱਚ 26.4 ਐੱਮਐੱਮ, ਫਰੀਦਕੋਟ 1 ਐੱਮਐੱਮ, ਗੁਰਦਾਸਪੁਰ 23 ਐੱਮਐੱਮ, ਨਵਾਂ ਸ਼ਹਿਰ 4.7 ਐੱਮਐੱਮ, ਬਰਨਾਲਾ 12 ਐੱਮਐੱਮ, ਫਤਿਹਗੜ੍ਹ ਸਾਹਿਬ 39.5 ਐੱਮਐੱਮ, ਮੋਗਾ 10.5 ਐੱਮਐੱਮ, ਰੋਪੜ 16 ਐੱਮਐੱਮ ਤੇ ਸੰਗਰੂਰ ਵਿੱਚ 18 ਐੱਮਐੱਮ ਮੀਂਹ ਪਿਆ ਹੈ।