ਮੁੰਬਈ, 5 ਅਗਸਤ
ਮਹਾਰਾਸ਼ਟਰ ਦੇ ਥਾਣੇ ਅਤੇ ਪਾਲਘਰ ਜ਼ਿਲ੍ਹਿਆਂ ਦੇ ਨਾਲ ਨਾਲ ਮੁੰਬਈ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ। ਰੇਲ ਪਟੜੀਆਂ ਅਤੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਲੋਕਲ ਗੱਡੀਆਂ ਅਤੇ ਬੱਸ ਸੇਵਾਵਾਂ ’ਤੇ ਮਾੜਾ ਅਸਰ ਪਿਆ। ਪੱਛਮੀ ਰੇਲਵੇ ਨੇ ਭਾਰੀ ਮੀਂਹ ਕਾਰਨ ਚਰਚਗੇਟ ਅਤੇ ਮੁੰਬਈ ਸੈਂਟਰਲ ਸਟੇਸ਼ਨਾਂ ਵਿਚਕਾਰ ਰੇਲ ਸੇਵਾ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ। ਕਈ ਥਾਵਾਂ ’ਤੇ ਤੇਜ਼ ਹਵਾਵਾਂ ਕਾਰਨ ਦਰੱਖ਼ਤ ਡਿੱਗ ਗਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
ਯੂਪੀ ਦੇ 16 ਜ਼ਿਲ੍ਹਿਆਂ ’ਚ ਹੜ੍ਹ: ਊੱਤਰ ਪ੍ਰਦੇਸ਼ ’ਚ ਵੱਡੇ ਦਰਿਆਵਾਂ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਊਪਰ ਚੱਲ ਰਿਹਾ ਹੈ। ਹੜ੍ਹਾਂ ਕਾਰਨ 16 ਜ਼ਿਲ੍ਹਿਆਂ ਦੇ 536 ਪਿੰਡ ਪ੍ਰਭਾਵਿਤ ਹੋਏ ਹਨ।
ਊੜੀਸਾ ’ਚ ਐਤਵਾਰ ਤੱਕ ਮੀਂਹ ਦੀ ਭਵਿੱਖਬਾਣੀ: ਊੜੀਸਾ ’ਚ ਬੰਗਾਲ ਦੀ ਖਾੜੀ ’ਚ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਕਈ ਹਿੱਸਿਆਂ ’ਚ ਮੋਹਲੇਧਾਰ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਐਤਵਾਰ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਵਾਤਾਵਰਨ ’ਚ ਬਦਲਾਅ ਕਾਰਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਧੀਆਂ: ਮੌਸਮ ਵਿਭਾਗ ਨੇ ਕਿਹਾ ਹੈ ਕਿ ਵਾਤਾਵਰਨ ’ਚ ਬਦਲਾਅ ਕਾਰਨ ਮੱਧ ਪ੍ਰਦੇਸ਼ ’ਚ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ। ਮੱਧ ਪ੍ਰਦੇਸ਼ ’ਚ ਬਿਜਲੀ ਡਿੱਗਣ ਕਾਰਨ 89 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਨਿਤੀਸ਼ ਕੁਮਾਰ ਵੱਲੋਂ ਹਵਾਈ ਸਰਵੇਖਣ: ਬਿਹਾਰ ’ਚ ਬੁੱਧਵਾਰ ਨੂੰ ਹਾਲਾਤ ਹੋਰ ਖ਼ਰਾਬ ਹੋ ਗਏ। ਸੂਬੇ ਦੇ 16 ਜ਼ਿਲ੍ਹਿਆਂ ’ਚ 66.60 ਲੱਖ ਲੋਕ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਊੱਤਰੀ ਬਿਹਾਰ ਦਾ ਹਵਾਈ ਸਰਵੇਖਣ ਅਤੇ ਦਰਭੰਗਾ ਜ਼ਿਲ੍ਹੇ ਦੇ ਪਿੰਡ ਦਾ ਦੌਰਾ ਕਰ ਕੇ ਊਥੇ ਰਾਹਤ ਕੈਂਪ ਦਾ ਜਾਇਜ਼ਾ ਲਿਆ। -ਪੀਟੀਆਈ
ਪੰਜਾਬ ਅਤੇ ਹਰਿਆਣਾ ’ਚ ਹੁੰਮਸ ਜਾਰੀ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ’ਚ ਜ਼ਿਆਦਾਤਰ ਥਾਵਾਂ ’ਤੇ ਗਰਮੀ ਅਤੇ ਹੁੰਮਸ ਵਾਲੇ ਹਾਲਾਤ ਬਣੇ ਹੋਏ ਹਨ। ਜ਼ਿਆਦਾਤਰ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਊਪਰ ਚੱਲ ਰਿਹਾ ਹੈ। ਊਂਜ ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ’ਚ ਅੱਜ ਕੁਝ ਦੇਰ ਲਈ ਮੀਂਹ ਜ਼ਰੂਰ ਪਿਆ। ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਅਤੇ ਐਤਵਾਰ ਨੂੰ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ। -ਪੀਟੀਆਈ
ਹੜ੍ਹ ਪੀੜਤ ਰੇਲਵੇ ਪਲੇਟਫਾਰਮਾਂ ’ਤੇ ਪਨਾਹ ਲੈਣ ਨੂੰ ਮਜਬੂਰ
ਗੋਪਾਲਗੰਜ (ਬਿਹਾਰ): ਗੋਪਾਲਗੰਜ ਜ਼ਿਲ੍ਹੇ ਦੇ ਪਿੰਡ ਦੇਵਪੁਰ ਦੇ ਵਸਨੀਕ ਮੁਕੇਸ਼ ਕੁਮਾਰ ਦਾ ਘਰ ਹੜ੍ਹਾਂ ਦੀ ਮਾਰ ਹੇਠ ਆਊਣ ਕਾਰਨ ਢਹਿ ਗਿਆ ਜਿਸ ਮਗਰੋਂ ਊਸ ਦੇ ਪਰਿਵਾਰ ਨੂੰ ਰਤਨਸਰਾਏ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਪਨਾਹ ਲੈਣੀ ਪਈ ਹੈ। ਗੰਡਕ ਦਰਿਆ ਦੇ ਕਹਿਰ ਦਾ ਸ਼ਿਕਾਰ ਕੱਚੇ ਘਰਾਂ ਦੇ ਨਾਲ ਨਾਲ ਪੱਕੇ ਘਰ ਵੀ ਬਣੇ ਹਨ। ਬਰੌਲੀ ਬਲਾਕ ਦੇ ਪਿਆਰਪੁਰ, ਸਿਸਾਈ, ਨਵਾਦਾ, ਦੇਵਾਪੁਰ ਸਮੇਤ ਕਈ ਪਿੰਡ ਹੜ੍ਹਾਂ ਦੇ ਪਾਣੀ ’ਚ ਡੁੱਬੇ ਹੋਏ ਹਨ। ਰੇਲਵੇ ਪਲੇਟਫਾਰਮਾਂ ’ਤੇ ਰੁਕੇ ਲੋਕਾਂ ਨੂੰ ਪਖਾਨਿਆਂ, ਪੀਣ ਵਾਲੇ ਪਾਣੀ ਅਤੇ ਭੋਜਨ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਕਰੋਨਾ ਦਾ ਖੌਫ਼ ਹੁਣ ਬੀਤੇ ਦੀ ਗੱਲ ਹੋ ਗਿਆ ਹੈ ਅਤੇ ਲੋਕ ਹੜ੍ਹਾਂ ਨਾਲ ਮਚੀ ਤਬਾਹੀ ਕਾਰਨ ਫਿਕਰਮੰਦ ਹਨ। -ਆਈਏਐਨਐਸ