ਬੰਗਲੂਰੂ/ਉਡੁਪੀ, 13 ਜੁਲਾਈ
ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਹਲੇਧਾਰ ਮੀਂਹ ਅੱਜ ਵੀ ਜਾਰੀ ਰਿਹਾ। ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਕਿਹਾ ਕਿ ਹੁਣ ਤੱਕ 32 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੀਂਹ ਕਰਕੇ ਤਬਾਹ ਹੋਏ ਬੁਨਿਆਦੀ ਢਾਂਚੇ ਦੀ ਮੁੜ ਸਥਾਪਤੀ ਲਈ ਜਲਦੀ 500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਬੋਮਈ ਮੰਗਲਵਾਰ ਤੋਂ ਮੀਂਹ ਤੇ ਢਿੱਗਾਂ ਡਿੱਗਣ ਕਰਕੇ ਪ੍ਰਭਾਵਿਤ ਹੋਏ ਕੋਡਾਗੂ, ਦੱਖਣੀ ਕੰਨੜਾ ਤੇ ਉਡੁਪੀ ਜ਼ਿਲ੍ਹਿਆਂ ਦੇ ਦੌਰੇ ’ਤੇ ਹਨ। ਉਹ ਅਗਲੇ ਹਫ਼ਤੇ ਉੱਤਰੀ ਕੰਨੜਾ, ਬੇਲਗਾਵੀ ਤੇ ਹੋਰਨਾਂ ਉੱਤਰੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ।
ਬੋਮਈ ਨੇ ਕਿਹਾ, ‘‘ਹੁਣ ਤੱਕ ਪੂਰੇ ਰਾਜ ਵਿੱਚ 32 ਲੋਕਾਂ ਨੂੰ ਜਾਨ ਗੁਆਉਣੀ ਪਈ ਹੈ। ਪੰਜ ਵਿਅਕਤੀ ਲਾਪਤਾ ਹਨ, 34 ਜ਼ਖ਼ਮੀ ਜਦੋਂਕਿ ਤਿੰਨ ਸੌ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕਰਕੇ ਬਚਾਇਆ ਗਿਆ ਹੈ। 14 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਤੇ ਲੋਕਾਂ ਨੂੰ ਬਚਾਉਣ ਲਈ ਚਾਰ-ਚਾਰ ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ।’’ ਸੀਨੀਅਰ ਮੰਤਰੀਆਂ ਤੇ ਉਡੁਪੀ ਦੇ ਸਾਹਿਲੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸਮੀਖਿਆ ਮੀਟਿੰਗ ਕਰਨ ਉਪਰੰਤ ਬੋਮਈ ਨੇ ਕਿਹਾ ਕਿ ਹੜ੍ਹ ਮਾਰੇ ਖੇਤਰਾਂ ਵਿੱਚ ਸੜਕਾਂ, ਪੁਲਾਂ, ਬਿਜਲੀ ਲਾਈਨਾਂ ਦੀ ਮੁਰੰਮਤ ਤੇ ਮੁੜ ਸਥਾਪਤੀ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਹੋਰਨਾਂ ਕੰਮਾਂ ਲਈ ਫੌਰੀ 500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਸਾਰੇ ਜ਼ਿਲ੍ਹਿਆਂ ਤੋਂ ਹੋਏ ਨੁਕਸਾਨ ਦੇ ਅਨੁਮਾਨਾਂ ਸਬੰਧੀ ਰਿਪੋਰਟਾਂ ਮਿਲ ਰਹੀਆਂ ਹਨ, ਜਿਸ ਮਗਰੋਂ ਕੇਂਦਰ ਤੋਂ ਰਾਹਤ ਰਾਸ਼ੀ ਮੰਗੀ ਜਾਵੇਗੀ। -ਪੀਟੀਆਈ
ਦੇਹਰਾਦੂਨ: ਚਾਰ ਸ਼ਰਧਾਲੂਆਂ ਦੇ ਗੰਗਾ ਵਿੱਚ ਡੁੱਬਣ ਦਾ ਖਦਸ਼ਾ
ਦੇਹਰਾਦੂਨ: ਉੱਤਰਾਖੰਡ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਇਕ ਕਾਰ ਗੰਗਾ ਨਦੀ ‘ਚ ਡਿੱਗ ਗਈ, ਜਿਸ ਕਾਰਨ ਉਸ ਵਿੱਚ ਸਵਾਰ ਚਾਰ ਸ਼ਰਧਾਲੂਆਂ ਦੇ ਡੁੱਬਣ ਦਾ ਖਦਸ਼ਾ ਹੈ। ਚਾਰੇ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਹੋਣ ਦੇ ਬਾਵਜੂਦ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਅਜੇ ਤੱਕ ਸ਼ਰਧਾਲੂਆਂ ਦਾ ਪਤਾ ਨਹੀਂ ਲੱਗ ਸਕਿਆ। ਬਚਾਅ ਕਾਰਜਾਂ ਦੀ ਅਗਵਾਈ ਕਰ ਰਹੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀ ਟੀਮ ਨੇ ਦਰਿਆ ਦੇ ਕੰਢੇ ਤੱਕ ਪਹੁੰਚਣ ਲਈ ਰੱਸੀਆਂ ਦੀ ਮਦਦ ਨਾਲ ਇੱਕ ਖੱਡ ਨੂੰ ਪਾਰ ਕੀਤਾ। ਨਦੀ ‘ਚੋਂ ਹੁਣ ਤੱਕ ਕਾਰ ਦੀ ਨੰਬਰ ਪਲੇਟ, ਕੁਝ ਬੈਗ, ਪੰਕਜ ਸ਼ਰਮਾ (52) ਨਾਂ ਦੇ ਵਿਅਕਤੀ ਦਾ ਆਧਾਰ ਕਾਰਡ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਪੁਲੀਸ ਅਨੁਸਾਰ ਸ਼ਰਧਾਲੂਆਂ ਦੀ ਤਲਾਸ਼ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਸ਼ਰਮਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਗੁਲਵੀਰ ਜੈਨ (40), ਨਿਤਿਨ (25) ਅਤੇ ਹਰਸ਼ ਗੁਰਜਰ (19) ਦੇ ਨਾਲ 10 ਜੁਲਾਈ ਨੂੰ ਮੇਰਠ ਤੋਂ ਕੇਦਾਰਨਾਥ ਗਏ ਸਨ ਤੇ ਵਾਪਸੀ ਵੇਲੇ ਇਹ ਹਾਦਸਾ ਵਾਪਰ ਗਿਆ। -ਏਜੰਸੀ
ਮਹਾਰਾਸ਼ਟਰ: ਪਾਲਘਰ ’ਚ ਢਿੱਗਾਂ ਡਿੱਗਣ ਕਰਕੇ ਪਿਉ-ਧੀ ਹਲਾਕ
ਪਾਲਘਰ/ਨਾਸਿਕ/ਮੁੰਬਈ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਕਸਬੇ ਵਿੱਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਰਕੇ ਵਿਅਕਤੀ ਤੇ ਉਸ ਦੀ ਮੁਟਿਆਰ ਧੀ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ। ਸਥਾਨਕ ਫਾਇਰ ਬ੍ਰਿਗੇਡ ਦੇ ਅਮਲੇ ਤੇ ਕੌਮੀ ਆਫ਼ਤ ਰਿਸਪੌਂਸ ਫੋਰਸ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਵਿੱਢ ਦਿੱਤੇ ਹਨ। ਇਸ ਦੌਰਾਨ ਨਾਸਿਕ ਵਿੱਚ ਪਿਛਲੇ 24 ਘੰਟਿਆਂ ਦੌਰਾਨ ਛੇ ਸਾਲਾ ਬੱਚੀ ਸਣੇ ਘੱਟੋ-ਘੱਟ 6 ਵਿਅਕਤੀ ਰੁੜ੍ਹ ਗਏ, ਜਿਨ੍ਹਾਂ ਵਿੱਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ। ਉਧਰ ਮੁੰਬਈ ਤੇ ਨੇੜਲੇ ਇਲਾਕਿਆਂ ਵਿੱਚ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੀਂਹ ਕਰਕੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਤੇ ਸੜਕਾਂ ’ਤੇ ਆਵਾਜਾਈ ਅਸਰਅੰਦਾਜ਼ ਹੋਈ। ਮੈਟਰੋਪਾਲਿਟਨ ਸ਼ਹਿਰ ਮੁੰਬਈ ਦੀ ਜੀਵਨ ਰੇਖਾ ਮੰਨੀ ਜਾਂਦੀ ਲੋਕਲ ਟਰੇਨ ਸੇਵਾ ਕੇਂਦਰੀ ਤੇ ਪੱਛਮੀ ਰੇਲਵੇ ਰੂਟਾਂ ’ਤੇ ਆਮ ਵਾਂਗ ਚੱਲੀਆਂ। ਅੰਧੇਰੀ ਸਬਵੇਅ, ਜੋ ਨੀਮ ਸ਼ਹਿਰੀ ਇਲਾਕੇ ਦੇ ਪੂਰਬੀ ਤੇ ਪੱਛਮੀ ਹਿੱਸੇ ਨੂੰ ਜੋੜਦਾ ਹੈ, ਸਮੇਤ ਹੋਰਨਾਂ ਖੇਤਰਾਂ ਵਿੱਚ ਪਾਣੀ ਭਰ ਗਿਆ ਤੇ ਪੁਲੀਸ ਨੇ ਸ਼ਹਿਰੀਆਂ ਨੂੰ ਇਸ ਦੀ ਵਰਤੋਂ ਕਰਨ ਤੋਂ ਰੋਕਿਆ। -ਪੀਟੀਆਈ
ਪੁਣੇ ਸ਼ਹਿਰ ਦੇ ਸਕੂਲਾਂ ਵਿੱਚ ਅੱਜ ਦੀ ਛੁੱਟੀ ਐਲਾਨੀ
ਪੁਣੇ: ਪੁਣੇ ਸ਼ਹਿਰ ਸਣੇ ਨਾਲ ਲੱਗਦੇ ਪਿੰਪਰੀ ਛਿੰਚਵਾੜ ਖੇਤਰ ਵਿਚ ਵੀਰਵਾਰ ਨੂੰ ਸਾਰੇ ਸਕੂਲ ਬੰਦ ਰਹਿਣਗੇ। ਪੁਣੇ ਸ਼ਹਿਰ ਤੇ ਜ਼ਿਲ੍ਹਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ