ਅਗਰਤਲਾ/ਗੁਹਾਟੀ, 18 ਜੂਨ
ਤ੍ਰਿਪੁਰਾ ਵਿੱਚ ਲਗਾਤਾਰ ਭਾਰੀ ਬਾਰਿਸ਼ ਨਾਲ ਹੜ੍ਹ ਆਉਣ ਕਾਰਨ ਸ਼ੁੱਕਰਵਾਰ ਤੱਕ 10 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਹਾਲਾਂਕਿ ਹਾਲੇ ਤੱਕ ਕਿਸੇ ਵੀ ਵਿਅਕਤੀ ਦੇ ਮਾਰੇ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਅਗਰਤਲਾ ਤੇ ਇਸ ਦੇ ਨਾਲ ਲੱਗਦੇ ਪੱਛਮੀ ਤ੍ਰਿਪੁੁਰਾ ਜ਼ਿਲ੍ਹੇ ਵਿੱਚ ਹੜ੍ਹ ਆ ਗਿਆ ਹੈ। ਹਾਵੜਾ ਨਦੀ ਓਵਰਫਲੋਅ ਹੋਣ ਕਾਰਨ ਅਗਰਤਲਾ ਮਿਊਂਸਿਪਲ ਕਾਰਪੋਰੇਸ਼ਨ ਅਤੇ ਇਸ ਨਾਲ ਲੱਗਦੇ ਨੀਵੇਂ ਇਲਾਕੇ ਡੁੱਬ ਗਏ ਹਨ। ਅਧਿਕਾਰੀਆਂ ਮੁਤਾਬਕ ਹਾਵੜਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹੀ ਉਪਰ ਵਗ ਰਹੀ ਹੈ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੀਨੀਅਰ ਅਧਿਕਾਰੀ ਸਰਤ ਕੁਮਾਰ ਦਾਸ ਨੇ ਦੱਸਿਆ ਕਿ ਲੰਘੇ 24 ਘੰਟਿਆਂ ਵਿੱਚ 155 ਮਿਲੀਮੀਟਰ ਬਾਰਿਸ਼ ਹੋਈ ਹੈ। ਪੁਲੀਸ, ਐੱਨਡੀਆਰਐੱਫ ਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇਸੇ ਦੌਰਾਨ ਆਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਭਿਆਨਕ ਬਣੀ ਹੋਈ ਹੈ। ਸੂਬੇ ਅੰਦਰ 28 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹੁਣ ਤੱਕ 19 ਲੱਖ ਲੋਕ ਅਸਰਅੰਦਾਜ਼ ਹੋਏ ਹਨ ਅਤੇ ਹੜ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਸ਼ੁੱਕਰਵਾਰ ਰਾਤ ਹਾਜੋਈ ਜ਼ਿਲ੍ਹੇ ਵਿੱਚ ਕਿਸ਼ਤੀ ਪਲਟਣ ਕਾਰਨ ਤਿੰਨ ਬੱਚੇ ਲਾਪਤਾ ਹੋ ਗਏ ਜਦਕਿ 21 ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੋਂ ਸੂਬੇ ਵਿੱਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। -ਪੀਟੀਆਈ