ਮੁੱਖ ਅੰਸ਼
- ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸਥਿਤੀ ਦੀ ਸਮੀਖਿਆ ਕੀਤੀ
- ਮੰਤਰੀਆਂ ਤੇ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਕੀਤੀ ਅਪੀਲ
ਚੇਨੱਈ, 11 ਨਵੰਬਰ
ਤਾਮਿਲ ਨਾਡੂ ’ਚ ਭਾਰੀ ਮੀਂਹਾਂ ਕਾਰਨ ਆਏ ਹੜ੍ਹਾਂ ਤੇ ਡੈਮਾਂ ’ਚੋਂ ਵਾਧੂ ਪਾਣੀ ਛੱਡੇ ਜਾਣ ਮਗਰੋਂ ਪਾਣੀ ਭਰਨ ਕਾਰਨ ਵਾਪਰੀਆਂ ਵੱਖ ਵੱਖ ਘਟਨਾਵਾਂ ’ਚ ਹੁਣ ਤੱਕ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉੱਧਰ ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਉੱਪਰ ਬਣਿਆ ਦਬਾਅ ਅੱਜ ਸ਼ਾਮ ਉਤਰੀ ਤਾਮਿਲ ਨਾਡੂ ਤੇ ਦੱਖਣੀ ਆਂਧਰਾ ਪ੍ਰਦੇਸ਼ ਵਿਚਾਲੇ ਤੱਟ ਪਾਰ ਕਰੇਗਾ ਤੇ ਸ਼ਹਿਰ ’ਚ ਤੇਜ਼ ਹਵਾਵਾਂ ਚੱਲਣਗੀਆਂ। ਮਿਲੀ ਜਾਣਕਾਰੀ ਅਨੁਸਾਰ ਸਾਰੇ ਸ਼ਹਿਰ ’ਚ ਲੰਘੀ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਹੁਣ ਤੱਕ 14 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੌਸਮ ਵਿਭਾਗ ਦੇ ਅਧਿਕਾਰੀ ਐੱਸ ਬਾਲਾਚੰਦਰਨ ਨੇ ਦੱਸਿਆ ਕਿ ਚੇਨੱਈ, ਕਾਂਚੀਪੁਰਮ ਤੇ ਵਿਲਪੁਰਮ ਸਮੇਤ ਉੱਤਰੀ ਤਾਮਿਲ ਨਾਡੂ ਦੇ ਜ਼ਿਲ੍ਹਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਬੰਧਤ ਮੰਤਰੀਆਂ ਤੇ ਅਧਿਕਾਰੀਆਂ ਨਾਲ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਇਸੇ ਦੌਰਾਨ ਵਿਗੜੇ ਮੌਸਮ ਨੂੰ ਦੇਖਦਿਆਂ ਭਾਰਤੀ ਹਵਾਈ ਅੱਡਾ ਅਥਾਰਿਟੀ ਨੇ ਸ਼ਾਮ ਛੇ ਵਜੇ ਤੱਕ ਚੇਨੱਈ ਹਵਾਈ ਅੱਡੇ ’ਤੇ ਉਡਾਣਾਂ ਦੀ ਆਮਦ ਬੰਦ ਕਰ ਦਿੱਤੀ ਪਰ ਇੱਥੋਂ ਜਹਾਜ਼ਾਂ ਦੀਆਂ ਉਡਾਣਾਂ ਜਾਰੀ ਰਹੀਆਂ। ਚੇਨੱਈ ਹਵਾਈ ਅੱਡੇ ਦੇ ਡਾਇਰੈਕਟਰ ਡਾ. ਸ਼ਰਦ ਕੁਮਾਰ ਨੇ ਕਿਹਾ ਕਿ ਇਹ ਫ਼ੈਸਲਾ ਮੁਸਾਫ਼ਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। -ਪੀਟੀਆਈ
ਮਹਿਲਾ ਪੁਲੀਸ ਅਧਿਕਾਰੀ ਨੇ ਕਬਰਿਸਤਾਨ ਦੇ ਕਾਮੇ ਦੀ ਜਾਨ ਬਚਾਈ
ਚੇਨਈ: ਇੱਥੋਂ ਦੇ ਇੱਕ ਕਬਰਿਸਤਾਨ ਵਿੱਚ ਬੇਸੁੱਧ ਪਏ ਇੱਕ ਕਾਮੇ ਨੂੰ ਇੱਕ ਮਹਿਲਾ ਅਧਿਕਾਰੀ ਨੇ ਆਪਣੇ ਮੋਢਿਆਂ ’ਤੇ ਚੁੱਕ ਕੇ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ। ਇੱਕ ਕਬਰਿਸਤਾਨ ਵਿੱਚ ਕੰਮ ਕਰ ਰਹੇ ਇੱਕ 28 ਸਾਲਾ ਵਿਅਕਤੀ ਦੇ ਬੇਸੁੱਧ ਪਏ ਹੋਣ ਦੀ ਸੂਚਨਾ ਮਿਲਦਿਆਂ ਹੀ ਇੰਸਪੈਕਟਰ ਰਾਜੇਸ਼ਵਰੀ ਤੁਰੰਤ ਮੌਕੇ ’ਤੇ ਪੁੱਜੀ। ਉਹ ਗਲੀ ਤੱਕ ਇਸ ਕਾਮੇ ਨੂੰ ਮੋਢਿਆਂ ’ਤੇ ਚੁੱਕ ਕੇ ਲੈ ਗਈ ਤੇ ਇੱਕ ਆਟੋ ਰਿਕਸ਼ਾ ਰਾਹੀਂ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ। ਵਿਅਕਤੀ ਦੀ ਪਛਾਣ ਆਰ ਉਧਾਇਆ ਕੁਮਾਰ ਵਜੋਂ ਹੋਈ ਹੈ ਜੋ ਕਬਰਿਸਤਾਨ ਵਿੱਚ ਕੰਮ ਕਰਦਾ ਸੀ। ਭਾਰੀ ਮੀਂਹ ਦੌਰਾਨ ਉਸ ਨੂੰ ਕਬਰਿਸਤਾਨ ਵਿੱਚ ਹੀ ਰਹਿਣਾ ਪਿਆ ਤੇ ਇਹ ਖ਼ਦਸ਼ਾ ਹੈ ਕਿ ਇਸੇ ਕਾਰਨ ਉਸ ਦੀ ਸਿਹਤ ਵਿਗੜ ਗਈ। ਵਿਅਕਤੀ ਦਾ ਕਿਲਪੌਕ ਸਰਕਾਰੀ ਹਸਪਤਾਲ ਤੇ ਕਾਲਜ ’ਚ ਇਲਾਜ ਚੱਲ ਰਿਹਾ ਹੈ। ਇਸ ਮਹਿਲਾ ਅਧਿਕਾਰੀ ਵੱਲੋਂ ਵਿਅਕਤੀ ਨੂੰ ਮੋਢਿਆਂ ’ਤੇ ਚੁੱਕ ਕੇ ਲਿਜਾਂਦਿਆਂ ਦੀ ਵੀਡੀਓ ਅੱਜ ਸੋਸ਼ਲ ਮੀਡੀਆ ’ਤੇ ਛਾਈ ਰਹੀ। -ਪੀਟੀਆਈ
ਉੱਪ ਰਾਸ਼ਟਰਪਤੀ ਵੱਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਤਾਮਿਲ ਨਾਡੂ ’ਚ ਭਾਰੀ ਮੀਂਹ ਕਾਰਨ ਹੋਏ ਜਾਨੀ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਅਥਾਰਿਟੀਆਂ ਵੱਲੋਂ ਸੁਰੱਖਿਆ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਅਤੇ ਉਨ੍ਹਾਂ ਲਈ ਖਾਣ-ਪੀਣ ਤੇ ਹੋਰ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾਵੇ। -ਪੀਟੀਆਈ