ਚੇਨੱਈ, 26 ਨਵੰਬਰ
ਸਮੁੰਦਰੀ ਚੱਕਰਵਾਤੀ ਤੂਫ਼ਾਨ ਨਿਵਾਰ ਅੱਜ ਤੜਕੇ ਪੁੱਡੂਚੇਰੀ ਨਾਲ ਟਕਰਾਇਆ ਜਿਸ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਗੁਆਂਢੀ ਸੂਬੇ ਤਾਮਿਲ ਨਾਡੂ ’ਚ ਭਾਰੀ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਪੁੱਡੂਚੇਰੀ ਨੇੜਲਾ ਤੱਟ ਲੰਘਣ ਤੋਂ ਬਾਅਦ ਇਹ ਚੱਕਰਵਾਤੀ ਤੂਫ਼ਾਨ ਕਮਜ਼ੋਰ ਹੋ ਗਿਆ ਹੈ।
ਤਾਮਿਲ ਨਾਡੂ ਦੇ ਮਾਲ ਮੰਤਰੀ ਆਰਬੀ ਉਧੈ ਕੁਮਾਰ ਨੇ ਦੱਸਿਆ ਕਿ ‘ਨਿਵਾਰ’ ਨੇ ਕਈ ਥਾਵਾਂ ’ਤੇ ਦਰੱਖਤ ਪੁੱਟ ਸੁੱਟੇ ਹਨ ਤੇ ਸੂਬੇ ਦੀਆਂ ਕਈ ਥਾਵਾਂ ’ਤੇ ਘਰਾਂ ਦੀਆਂ ਕੰਧਾਂ ਡਿੱਗਣ ਦੀਆਂ ਰਿਪੋਰਟਾਂ ਵੀ ਹਨ ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੱਕਰਵਾਤੀ ਤੂਫ਼ਾਨ ਦੇ ਕਮਜ਼ੋਰ ਪੈ ਜਾਣ ਦੀ ਖ਼ਬਰ ਚੰਗੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਤੇ ਹੋਏ ਨੁਕਸਾਨ ਦਾ ਸਮੀਖਿਆ ਕਰਨ ਤੋਂ ਬਾਅਦ ਮੁੱਖ ਮੰਤਰੀ ਪਲਾਨੀਸਵਾਮੀ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਕਰਨਗੇ। ਉੱਧਰ ਭਾਰਤੀ ਮੌਸਮ ਵਿਭਾਗ ਨੇ ਟਵੀਟ ਕੀਤਾ, ‘ਭਿਆਨਕ ਚੱਕਰਵਾਤੀ ਤੂਫ਼ਾਨ ‘ਨਿਵਾਰ’ ਉੱਤਰੀ ਤਾਮਿਲ ਨਾਡੂ ਤੱਟ ਉੱਪਰ ਕਮਜ਼ੋਰ ਹੋ ਕੇ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋ ਗਿਆ ਹੈ। ਚੱਕਰਵਾਤੀ ਤੂਫ਼ਾਨ ਨਿਵਾਰ ਉੱਤਰ-ਪੱਛਮ ਵੱਲ ਵੱਧਦਾ ਰਹੇਗਾ ਅਤੇ ਅਗਲੇ ਛੇ ਘੰਟਿਆਂ ’ਚ ਇਹ ਹੋਰ ਕਮਜ਼ੋਰ ਹੋ ਕੇ ਡੂੰਘੇ ਦਬਾਅ ਵਾਲੇ ਖੇਤਰ ਤੇ ਇਸ ਤੋਂ ਬਾਅਦ ਅਗਲੇ ਛੇ ਘੰਟਿਆਂ ’ਚ ਇਹ ਹੋਰ ਕਮਜ਼ੋਰ ਹੋ ਕੇ ਡੂੰਘੇ ਘੱਟ ਦਬਾਅ ਵਾਲੇ ਖੇਤਰ ’ਚ ਤਬਦੀਲ ਹੋ ਜਾਵੇਗਾ। ਇਸ ਮਗਰੋਂ ਇਹ ਘੱਟ ਦਬਾਅ ਵਾਲੇ ਖੇਤਰ ’ਚ ਤਬਦੀਲ ਹੋ ਜਾਵੇਗਾ।’ ਮੌਸਮ ਵਿਭਾਗ ਅਨੁਸਾਰ ਤਾਮਿਲ ਨਾਡੂ ਦੇ ਕੁੱਡਲੌਰ ’ਚ ਸਭ ਤੋਂ ਵੱਧ 24.6 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁੱਡੂਚੇਰੀ ’ਚ 23.7 ਸੈਂ.ਮੀ. ਮੀਂਹ ਦਰਜ ਕੀਤਾ ਗਿਆ ਹੈ। -ਪੀਟੀਆਈ