ਮੁੰਬਈ, 21 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਅੰਦੋਲਨ ਦੌਰਾਨ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਜਾਣ ਦਾ ਦਾਅਵਾ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸਜੈ ਰਾਊਤ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਵਾਰਸਾਂ ਨੂੰ ਪੀਐੱਮ ਕੇਅਰਜ਼ ਫੰਡ ’ਚੋਂ ਮਾਲੀ ਸਹਾਇਤਾ ਦਿੱਤੀ ਜਾਵੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਗਲਤੀ ਸਮਝ ਆ ਗਈ ਹੈ ਜਿਸ ਕਾਰਨ ਉਨ੍ਹਾਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ। ਰਾਊਤ ਨੇ ਕਿਹਾ,‘‘ਪੀਐੱਮ ਕੇਅਰਜ਼ ਫੰਡ ’ਚ ਬੇਹਿਸਾਬ ਪੈਸਾ ਪਿਆ ਹੋਇਆ ਹੈ। ਇਹ ਪੈਸਾ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਵਰਤਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਸਿਰਫ਼ ਮੁਆਫ਼ੀ ਨਾਲ ਹੀ ਕੰਮ ਨਹੀਂ ਸਰੇਗਾ ਸਗੋਂ ਕਿਸਾਨਾਂ ਦੇ ਪਰਿਵਾਰਾਂ ਨੂੰ ਹਮਾਇਤ ਵੀ ਦੇਣੀ ਪਵੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਸਿਹਤ ਬਾਰੇ ਉਨ੍ਹਾਂ ਕਿਹਾ ਕਿ ਉਹ ਹੌਲੀ-ਹੌਲੀ ਸਿਹਤਯਾਬ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਅਪਰੇਸ਼ਨ ਤੋਂ ਬਾਅਦ ਉਹ ਹਸਪਤਾਲ ’ਚ ਜ਼ੇਰੇ ਇਲਾਜ ਹਨ। ਰਾਊਤ ਨੇ ਕਿਹਾ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਊਧਵ ਨਾਲ ਗੱਲਬਾਤ ਕੀਤੀ ਸੀ ਅਤੇ ਆਸ ਕੀਤੀ ਜਾਂਦੀ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਛੇਤੀ ਹੀ ਕੰਮ ’ਤੇ ਪਰਤ ਆਉਣਗੇ। -ਪੀਟੀਆਈ