ਨਵੀਂ ਦਿੱਲੀ, 13 ਸਤੰਬਰ
ਐਨਫੋਰਸਮੈਂਟ ਡਾਇਰੈਕਟੇਰੋਟ ਨੇ ਕਥਿਤ ਤੌਰ ’ਤੇ ਬੈਂਕ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਰਾਜੀਵ ਸਕਸੈਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜੀਵ ਸਕਸੈਨਾ 3600 ਕਰੋੜ ਦੇ ਵੀਵੀਆਈਪੀ ਹੈਲੀਕਾਪਟਰ ਸੌਦਾ ਕੇਸ ਵਿੱਚ ਵੀ ਨਾਮਜ਼ਦ ਹੈ। ਇਹ ਸੂਚਨਾ ਅਧਿਕਾਰੀਆਂ ਨੇ ਅੱਜ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤ ਅੱਗੇ ਪੇਸ਼ ਕਰ ਕੇ ਸਕਸੈਨਾ ਦੀ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹੈਲੀਕਾਪਟਰ ਸੌਦਾ ਕੇਸ ਵਿੱਚ ਕਥਿਤ ਵਿਚੋਲੀਆ ਸਕਸੈਨਾ, ਦੁਬਈ ਨਾਲ ਸਬੰਧਤ ਹੈ ਅਤੇ 31 ਜਨਵਰੀ 2019 ਨੂੰ ਭਾਰਤ ਨੇ ਉਸ ਨੂੰ ਯੂਏਈ ਤੋਂ ਡਿਪੋਰਟ ਕਰਵਾਇਆ ਸੀ। ਇਸ ਮੌਕੇ ਏਜੰਸੀ ਨੇ ਇਸ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਰਿਸ਼ਵਤ ਦੇ ਦੋਸ਼ਾਂ ਮਗਰੋਂ ਭਾਰਤ ਨੇ 2014 ਵਿੱਚ ਇਹ ਸੌਦਾ ਰੱਦ ਕਰ ਦਿੱਤਾ ਸੀ। ਏਜੰਸੀ ਨੇ ਕਿਹਾ ਸੀ ਕਿ ਸਕਸੈਨਾ, ਹਵਾਲਾ ਅਪਰੇਟਰ ਹੈ ਜੋ ਦੁਬਈ ਵਿੱਚ ਵੱਖ ਵੱਖ ਕੰਪਨੀਆਂ ਰਾਹੀਂ ਵਪਾਰ ਕਰਦਾ ਹੈ। ਉਸ ਦਾ ਨਾਮ ਅਗਸਤਾਵੈਸਟਲੈਂਡ ਹੈਲੀਕਾਪਟਰ ਘਪਲੇ ਦੇ ਕੇਸਾਂ ਵਿੱਚ ਆਇਆ ਹੈ ਜੋ ਭਾਰਤ ਵੱਲੋਂ ਖ਼ਰੀਦੇ ਗਏ ਵੀਵੀਆਈਪੀ ਹੈਲੀਕਾਪਟਰਾਂ ਨਾਲ ਸਬੰਧਤ ਹੈ। ਏਜੰਸੀ ਨੇ ਕਿਹਾ ਕਿ ਵੱਖ-ਵੱਖ ਕੇਸਾਂ ਵਿੱਚ ਮੁਲਜ਼ਮ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ