ਪਣਜੀ, 11 ਫਰਵਰੀ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਗੋਆ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 24 ਘੰਟਿਆਂ ’ਚ ਹੈਲੀਪੈਡ ਬਣਾ ਦਿੱਤਾ ਸੀ ਜਦਕਿ ਉਸ ਥਾਂ ਨੇੜੇ ਪਿਛਲੇ 20 ਸਾਲਾਂ ਤੋਂ ਕੋਈ ਵੀ ਬੱਸ ਸਟਾਪ ਨਹੀਂ ਹੈ। ਪਣਜੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਸੂਬਾ ਸਰਕਾਰ ’ਚ ਵਿਕਾਸ ਦੇ ਇਰਾਦੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਸਾਧਾਰਨ ਨਹੀਂ ਹਨ ਸਗੋਂ ਇਹ ਗੋਆ ’ਚ ਬਦਲਾਅ ਦਾ ਮੌਕਾ ਹੈ। ‘ਇਹ ਚੋਣਾਂ ਗੋਆ ਦੇ ਅੱਜ ਅਤੇ ਆਉਣ ਵਾਲੇ ਕੱਲ੍ਹ ਨੂੰ ਬਦਲ ਸਕਦੀਆਂ ਹਨ।’ ਉਨ੍ਹਾਂ ਗੋਆ ’ਚ ‘ਆਪ’ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ। ਆਪ ਆਗੂ ਨੇ ਕਿਹਾ,‘‘ਅਸੀਂ ਪ੍ਰਧਾਨ ਮੰਤਰੀ ਦੀ ਆਲੋਚਨਾ ਨਹੀਂ ਕਰ ਰਹੇ ਹਾਂ ਪਰ ਜਿਹੜੀ ਥਾਂ ’ਤੇ ਉਨ੍ਹਾਂ ਦਾ ਹੈਲੀਪੈਡ ਬਣਾਇਆ ਗਿਆ ਸੀ, ਉਸ ਦੇ ਨੇੜੇ ਬੱਸ ਸਟਾਪ ਬਣਾਇਆ ਜਾਣਾ ਸੀ ਪਰ ਉਹ 20 ਸਾਲਾਂ ਤੋਂ ਨਹੀਂ ਬਣਿਆ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਨੇ ਗੋਆ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ ਸਗੋਂ ਉਹ ਰਲ ਕੇ ਸੂਬੇ ਨੂੰ ਲੁੱਟਣ ਦਾ ਕੰਮ ਕਰਦੇ ਰਹੇ। ਕੇਜਰੀਵਾਲ ਨੇ ਕਿਹਾ ਕਿ ਜਦੋਂ ਤੱਕ ਸਰਕਾਰ ’ਚ ਕੰਮ ਕਰਨ ਦਾ ਇਰਾਦਾ ਨਾ ਹੋਵੇ, ਉਦੋਂ ਤੱਕ ਸੂਬੇ ਦਾ ਭਲਾ ਨਹੀਂ ਹੋ ਸਕਦਾ ਹੈ। ਉਨ੍ਹਾਂ ਗੋਆ ਦੀਆਂ ਖ਼ਰਾਬ ਸੜਕਾਂ, ਪਾਣੀ ਦੀ ਕਮੀ, ਬਿਜਲੀ ਦੇ ਕੱਟਾਂ, ਬੇਰੁਜ਼ਗਾਰੀ, ਮਾੜੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਵੀ ਜ਼ਿਕਰ ਕੀਤਾ। -ਪੀਟੀਆਈ