ਵਿਨੀਪੈੱਗ (ਸੁਰਿੰਦਰ ਮਾਵੀ): ਕੈਨੇਡਾ ਸਰਕਾਰ ਨੇ ਖੁਦਕੁਸ਼ੀਆਂ ਰੋਕਣ ਲਈ ਉਪਰਾਲੇ ਵਜੋਂ ‘ਖ਼ੁਦਕੁਸ਼ੀ ਰੋਕੂ ਸਹਾਇਤਾ ਹੈਲਪਲਾਈਨ 988’ ਸ਼ੁਰੂ ਕੀਤੀ ਹੈ। ਕੈਨੇਡਾ ’ਚ ਹਰ ਸਾਲ ਔਸਤਨ 4,500 ਵਿਅਕਤੀ ਖ਼ੁਦਕੁਸ਼ੀ ਕਰਦੇ ਹਨ ਤੇ ਵਰਤਾਰਾ ਰੋਕਣ ਲਈ ਸਰਕਾਰ ਨੇ ਹੈਲਪਲਾਈਨ ਜਾਰੀ ਕਰਨ ਦਾ ਇਹ ਕਦਮ ਚੁੱਕਿਆ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਕਿ ਇਹ ਹੈਲਪਲਾਈਨ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਵਿੱਚ ਹੋਵੇਗੀ, ਜਿਹੜੀ ਦੇਸ਼ ਭਰ ’ਚ ਹਰ ਸਮੇਂ ਕਾਲ ਕਰਨ ਜਾਂ ਟੈਕਸਟ ਮੈਸੇਜ ਕਰਨ ਲਈ ਉਪਲੱਬਧ ਹੈ। ਇਕ ਰਿਪੋਰਟ ਅਨੁਸਾਰ ਇਹ ਕੇਂਦਰ ਨਸ਼ਾਖੋਰੀ ਅਤੇ ਮਾਨਸਿਕ ਸਿਹਤ ਲਈ ‘988 ਸੇਵਾ’ ਦੇ ਤਾਲਮੇਲ ਦੀ ਅਗਵਾਈ ਕਰਦਾ ਹੈ।