ਮੁੰਬਈ, 12 ਜੁਲਾਈ
ਇਸ ਵੇਲੇ ਬੌਲੀਵੁੱਡ ਵਿੱਚ ਕਰੋਨਾ ਪੀੜਤ ਅਦਾਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਰੋਨਾ ਪੀੜਤ ਹੋਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਤੇ ਪਰਿਵਾਰਾਂ ਨੂੰ ਇਸ ਬਾਰੇ ਲਗਾਤਾਰ ਸਫ਼ਾਈ ਦੇਣੀ ਪੈ ਰਹੀ ਹੈ। ਅਭਿਨੇਤਰੀ ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਨੂੰ ਅਫ਼ਵਾਹ ਦੱਸਿਆ ਹੈ। ਅਫ਼ਵਾਹ ਸੀ ਕਿ 71 ਸਾਲਾ ਅਭਿਨੇਤਰੀ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਹੈ। ਈਸ਼ਾ ਨੇ ਟਵੀਟ ਕਰਕੇ ਲੋਕਾਂ ਨੂੰ ਇਸ ਅਫਵਾਹ ‘ਤੇ ਧਿਆਨ ਨਾ ਦੇਣ ਲਈ ਕਿਹਾ ਹੈ। ਉਸ ਨੇ ਟਵੀਟ ਕੀਤਾ, “ਮੇਰੀ ਮਾਂ ਡ੍ਰੀਮਗਰਲ ਪੂਰੀ ਤਰ੍ਹਾਂ ਠੀਕ ਅਤੇ ਸਿਹਤਮੰਦ ਹਨ। ਉਸਦੀ ਸਿਹਤ ਨਾਲ ਜੁੜੀ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ। ਕਿਰਪਾ ਕਰਕੇ ਅਜਿਹੀਆਂ ਅਫਵਾਹਾਂ ਨੂੰ ਨਜ਼ਰ ਅੰਦਾਜ਼ ਕਰੋ। ” ਇਸੇ ਦੌਰਾਨ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਧੀ ਤੇ ਫੈਸ਼ਨ ਡਿਜ਼ਾਈਨਰ ਰਿਧੀਮਾ ਕਪੂਰ ਸਾਹਨੀ ਨੇ ਆਪਣੀ ਮਾਂ ਨੀਤੂ ਕਪੂਰ ਅਤੇ ਭਰਾ ਅਤੇ ਅਭਿਨੇਤਾ ਰਣਬੀਰ ਕਪੂਰ ਦੇ ਕਰੋਨਾ ਪੀੜਤ ਹੋਣ ਦੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਲੋਕਾਂ ਨੂੰ ਗਲਤ ਜਾਣਕਾਰੀ ਨਹੀਂ ਫੈਲਾਉਣੀ ਚਾਹੀਦੀ। ਰਿਧੀਮਾ ਨੇ ਕਿਹਾ ਅਜਿਹਾ ਕੁੱਝ ਵੀ ਨਹੀਂ ਹੈ ਸਭ ਠੀਕ ਹੈ।