ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਦਿੱਲੀ-ਬਹਾਦਰਗੜ੍ਹ ਮਾਰਗ ’ਤੇ ਟਿਕਰੀ ਬਾਰਡਰ ਉਪਰ ਧਰਨੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰਿਆਂ ਨੇ ਕਿਸਾਨਾਂ ਨੂੰ ਸ਼ਾਂਤ ਤਰੀਕੇ ਨਾਲ ਕੇਂਦਰ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚੇਤੇ ਕਰਵਾਇਆ ਕਿ ਕਿਸਾਨਾਂ ਦੀ ਮੰਗ ਖੇਤੀ ਕਾਨੂੰਨ ਰੱਦ ਕਰਵਾਉਣਾ ਹੈ ਨਾ ਕਿ ਉਹ ਇਸ ’ਚ ਕੋਈ ਸੋਧ ਚਾਹੁੰਦੇ ਹਨ। ਇੱਥੇ ਵੀ 11 ਕਿਸਾਨ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਸਾਹਮਣੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਹਾਈਕਮਾਂਡ ਦੀਆਂ ਹਦਾਇਤਾਂ ’ਤੇ ਇਸ ਪਾਰਟੀ ਦੇ ਨੇਤਾ ਕਿਸਾਨ ਅੰਦੋਲਨ ਖ਼ਿਲਾਫ਼ ਲਗਾਤਾਰ ਪੁੱਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੰਸਦ ਮੈਂਬਰ ਆਪਣੇ ਸੰਸਦੀ ਹਲਕੇ ’ਚ ਕਰਵਾਏ ਗਏ ਵਿਕਾਸ ਕਾਰਜ ਤਾਂ ਗਿਣਾ ਨਹੀਂ ਸਕੀ ਪਰ ਉਸ ਨੂੰ ਇਹ ਪਤਾ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਬਾਰੇ ਕੁਝ ਨਹੀਂ ਜਾਣਦੇ ਹਨ। ਹੇਮਾ ਮਾਲਿਨੀ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਨੂੰ ਉਨ੍ਹਾਂ ਨਾਸਮਝੀ ਕਰਾਰ ਦਿੱਤਾ ਹੈ। ਪਲਵਲ ਧਰਨੇ ਉਪਰ ਵੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਰੱਜ ਕੇ ਕੋਸਿਆ।