ਨਵੀਂ ਦਿੱਲੀ, 24 ਮਈ
ਦਿੱਲੀ ਹਾਈ ਕੋਰਟ ਨੇ ਡਰੱਗ ਕੰਟਰੋਲਰ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਗੱਲ ਦੀ ਜਾਂਚ ਕਰੇ ਕਿ ਕੋਵਿਡ-19 ਦਵਾਈਆਂ ਦੀ ਕਿੱਲਤ ਦੇ ਬਾਵਜੂਦ ਸਿਆਸਤਦਾਨਾਂ ਨੂੰ ਇਹ ਦਵਾਈਆਂ ਵੱਡੀ ਮਿਕਦਾਰ ਵਿੱਚ ਕਿਵੇਂ ਮਿਲ ਰਹੀਆਂ ਹਨ। ਹਾਈ ਕੋਰਟ ਨੇ ਕਿਹਾ ਕਿ ਇਕ ਪਾਸੇ ਦਵਾਈਆਂ ਦੀ ਵੱਡੀ ਕਿੱਲਤ ਹੈ ਜਦੋਂਕਿ ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਵੱਲੋਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਡਰੱਗ ਕੰਟਰੋਲਰ ਨੂੰ ਕਿਹਾ ਕਿ ਉਹ ‘ਆਪ’ ਵਿਧਾਇਕਾਂ ਪ੍ਰੀਤੀ ਤੋਮਰ ਤੇ ਪ੍ਰਵੀਨ ਕੁਮਾਰ ’ਤੇ ਤਰਲ ਮੈਡੀਕਲ ਆਕਸੀਜਨ ਦੇ ਕਥਿਤ ਭੰਡਾਰਨ ਦੇ ਲੱਗੇ ਦੋਸ਼ਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਦਾਖ਼ਲ ਕਰੇ। ਜਸਟਿਸ ਵਿਪਿਨ ਸਾਂਘੀ ਤੇ ਜਸਮੀਤ ਸਿੰਘ ਦੇ ਬੈਂਚ ਨੇ ਡਰੱਗ ਕੰਟਰੋਲਰ ਨੂੰ ਕਿਹਾ ਕਿ ਇਸ ਗੱਲ ਦੀ ਘੋਖ ਕੀਤੀ ਜਾਵੇ ਕਿ ਕਿਸੇ ਵਿਅਕਤੀ ਲਈ ਫੈਬੀਫਲੂ ਦੀਆਂ 2000 ਤੋਂ ਵੱਧ ਗੋਲੀਆਂ ਦੇ ਪੱਤੇ ਹਾਸਲ ਕਰਨਾ ਕਿਵੇਂ ਸੰਭਵ ਹੈ, ਜਦੋਂਕਿ ਇਸ ਦਵਾਈ ਦੀ ਵੱਡੀ ਕਿੱਲਤ ਹੈ। ਬੈਂਚ ਨੇ ਕਿਹਾ, ‘‘ਸ੍ਰੀਮਾਨ ਗੌਤਮ ਗੰਭੀਰ ਦਾ ਇਰਾਦਾ ਭਾਵੇਂ ਨੇਕ ਹੈ। ਅਸੀਂ ਉਨ੍ਹਾਂ ਦੇ ਇਰਾਦਿਆਂ ’ਤੇ ਸ਼ੱਕ ਨਹੀਂ ਕਰਦੇ। ਉਹ ਸਾਡੇ ਦੇਸ਼ ਦੇ ਕੌਮੀ ਖਿਡਾਰੀ ਰਹੇ ਹਨ। ਇਥੇ ਸਾਡਾ ਸਵਾਲ ਇਹ ਹੈ ਕਿ ਜਦੋਂ ਦਵਾਈਆਂ ਦੀ ਵੱਡੀ ਕਿੱਲਤ ਹੈ ਤਾਂ ਕੀ ਇਹ ਜ਼ਿੰਮੇਵਾਰੀ ਵਾਲਾ ਵਤੀਰਾ ਹੈ। ਅਸੀਂ ਉਨ੍ਹਾਂ ਦੇ ਇਰਾਦਿਆਂ ’ਤੇ ਸ਼ੱਕ ਨਹੀਂ ਕਰ ਰਹੇ, ਪਰ ਜਿਸ ਢੰਗ ਤਰੀਕੇ ਨਾਲ ਇਹ ਸਭ ਕੁਝ ਹੋ ਰਿਹਾ, ਉਨ੍ਹਾਂ ਅਸਲ ਵਿੱਚ ਪਰਉਪਕਾਰ ਨਹੀਂ ਕੀਤਾ। ਯਕੀਨੀ ਤੌਰ ’ਤੇ ਇਹ ਕੋਈ ਤਰੀਕਾ ਨਹੀਂ ਬਣਦਾ ਕਿ ਤੁਸੀਂ ਬਾਜ਼ਾਰ ’ਚੋਂ ਇੰਨੀਆਂ ਸਾਰੀਆਂ ਗੋਲੀਆਂ ਦੇ ਪੱਤੇ ਖਰੀਦ ਕੇ ਉਨ੍ਹਾਂ ਨੂੰ ਅੱਗੇ ਵੰਡੋ।’