ਨਵੀਂ ਦਿੱਲੀ, 30 ਸਤੰਬਰ
ਦਿੱਲੀ ਹਾਈ ਕੋਰਟ ਨੇ ਅੱਜ ਇਥੇ ਲੇਡੀ ਹਾਰਡਿੰਗ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਇੱਕ ਮਹਿਲਾ, ਜੋ ਕਿ 23 ਹਫ਼ਤਿਆਂ ਦੀ ਗਰਭਵਤੀ ਹੈ ਅਤੇ ਗੰਭੀਰ ਸਰੀਰਕ ਵਿਕਾਰਾਂ ਤੋਂ ਪੀੜਤ ਆਪਣੇ ਭਰੂਣ ਨੂੰ ਗਿਰਾਉਣਾ ਚਾਹੁੰਦੀ ਹੈ, ਦੀ ਜਾਂਚ ਲਈ ਮੈਡੀਕਲ ਬੋਰਡ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਸਟਿਸ ਰੇਖਾ ਪੱਲੀ ਨੇ ਹਸਪਤਾਲ ਅਥਾਰਿਟੀ ਨੂੰ ਮੈਡੀਕਲ ਬੋਰਡ ਤੋਂ ਮਹਿਲਾ ਦੀ ਤੁਰੰਤ ਜਾਂਚ ਕਰਵਾ ਕੇ ਤਿੰਨ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ ਅਤੇ ਮਾਮਲਾ 5 ਅਕਤੂਬਰ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕਰ ਲਿਆ ਹੈ।
ਮਹਿਲਾ ਨੇ ਕਿਹਾ ਕਿ ਉਹ ਕਿ ਗਰਭਪਾਤ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਉਸ ਵੱਲੋਂ ਕਰਵਾਏ ਸੱਜਰੇ ਅਲਟਰਾਸਾਊਂਡ ਦੀ ਰਿਪੋਰਟ ਮੁਤਾਬਕ ਭਰੂਣ ਗੰਭੀਰ ਵਿਕਾਰਾਂ ਤੋਂ ਪੀੜਤ ਹੈ ਅਤੇ ਹੋਰ ਸਮੱਸਿਆਵਾਂ ਤੋਂ ਇਲਾਵਾ ਉਸ ਦੀ ਖੋਪੜੀ ਦੀ ਹੱਡੀ ਵੀ ਨਹੀਂ ਹੈ। ਗਰਭਵਤੀ ਮਹਿਲਾ ਦੀ ਵਕੀਲ ਸੁਨੇਹਾ ਮੁਖਰਜੀ ਨੇ ਕਿਹਾ ਕਿ ਉਸ ਦੀ ਮੁਵੱਕਲ ਨੇ ਇਸ ਕਰਕੇ ਅਦਾਲਤ ਦਾ ਰੁਖ਼ ਕੀਤਾ ਹੈ ਕਿਉਂਕਿ ਮੈਡੀਕਲ ਆਧਾਰ ’ਤੇ ਗਰਭਪਾਤ ਕਰਨ ਸਬੰਧੀ ਸੋਧ ਕਾਨੂੰਨ, ਜਿਸ ਵਿੱਚ 24 ਹਫ਼ਤਿਆਂ ਦੇ ਭਰੂਣ ਗਿਰਾਉਣ ਦੀ ਆਗਿਆ ਦਿੱਤੀ ਗਈ ਹੈ, ਹਾਲੇ ਤੱਕ ਸੂਚੀਬੱਧ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗਰਭਪਾਤ ਸਬੰਧੀ ਮੌਜੂਦਾ ਕਾਨੂੰਨ ਮੁਤਾਬਕ 20 ਹਫ਼ਤਿਆਂ ਤੋਂ ਵੱਧ ਸਮੇਂ ਦਾ ਭਰੂਣ ਗਿਰਾਉਣ ਦੀ ਮਨਾਹੀ ਹੈ। -ਪੀਟੀਆਈ