ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਉੱਤਰੀ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੇ ਮਾਮਲੇ ’ਚ ਦੇਵਾਂਗਨਾ ਕਲੀਤਾ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਪੁਲੀਸ ਇਹ ਦਰਸਾਉਣ ’ਚ ਅਸਫ਼ਲ ਰਹੀ ਹੈ ਕਿ ਦੇਵਾਂਗਨਾ ਨੇ ਕਿਸੇ ਖ਼ਾਸ ਫ਼ਿਰਕੇ ਦੀਆਂ ਔਰਤਾਂ ਨੂੰ ਭੜਕਾਇਆ ਜਾਂ ਕੋਈ ਨਫ਼ਰਤੀ ਭਾਸ਼ਣ ਦਿੱਤਾ। ਅਦਾਲਤ ਨੇ ਕਿਹਾ ਕਿ ਸੀਏਏ ਖ਼ਿਲਾਫ਼ ਲੰਮਾ ਸਮਾਂ ਚੱਲਿਆ ਮੁਜ਼ਾਹਰਾ ਪ੍ਰਿੰਟ, ਇਲੈਕਟ੍ਰਾਨਿਕ ਮੀਡੀਆ ਤੋਂ ਇਲਾਵਾ ਪੁਲੀਸ ਵਿਭਾਗ ਦੇ ਕੈਮਰਿਆਂ ਦੀ ਨਿਗਰਾਨੀ ’ਚ ਰਿਹਾ ਹੈ, ਪਰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲ ਸਕਿਆ ਹੈ ਜਿਸ ਤੋਂ ਪਤਾ ਲੱਗੇ ਕਿ ਦੇਵਾਂਗਨਾ ਦੇ ਕਹਿਣ ’ਤੇ ਸਾਰੀ ਘਟਨਾ ਵਾਪਰੀ। ਅਦਾਲਤ ਨੇ ਕਲੀਤਾ ਨੂੰ 20,000 ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਾਸ਼ੀ ਦੀ ਜ਼ਾਮਨੀ ’ਤੇ ਜ਼ਮਾਨਤ ਦਿੱਤੀ ਹੈ।
-ਪੀਟੀਆਈ