ਨਵੀਂ ਦਿੱਲੀ, 26 ਮਈ
ਦਿੱਲੀ ਹਾਈ ਕੋਰਟ ਨੇ ‘ਗੂਗਲ’ ਨੂੰ ਹੁਕਮ ਦਿੱਤਾ ਹੈ ਕਿ ਇਕ ਭਾਰਤੀ-ਅਮਰੀਕੀ ਵਿਅਕਤੀ ਦੇ ਡਰੱਗ ਕੇਸ ਵਿਚ ਬਰੀ ਹੋਣ ਦੇ ਫ਼ੈਸਲੇ ਨਾਲ ਜੁੜਿਆ ਵੈੱਬ ਲਿੰਕ ਹਟਾਇਆ ਜਾਵੇ। ਦੱਸਣਯੋਗ ਹੈ ਕਿ ਵਿਅਕਤੀ ਨੇ ਅਦਾਲਤ ਵਿਚ ਪਟੀਸ਼ਨ ਪਾਈ ਸੀ ਕਿ ਇਸ ਲਿੰਕ ਦੇ ਮੌਜੂਦ ਹੋਣ ਨਾਲ ਉਸ ਨੂੰ ਅਮਰੀਕਾ ਵਿਚ ਚੰਗੀ ਨੌਕਰੀ ਹਾਸਲ ਕਰਨ ਵਿਚ ਮੁਸ਼ਕਲ ਆ ਰਹੀ ਹੈ। ‘ਗੂਗਲ’ ਤੋਂ ਇਲਾਵਾ ਅਦਾਲਤ ਨੇ ਵੈੈੱਬ ਪੋਰਟਲ ‘ਇੰਡੀਅਨ ਕਾਨੂੰਨ’ ਨੂੰ ਵੀ ਜੱਜਮੈਂਟ ਦਾ ਲਿੰਕ ਬਲੌਕ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 20 ਅਗਸਤ ਨੂੰ ਰੱਖੀ ਗਈ ਹੈ। ਅਦਾਲਤ ਨੇ ਕੇਂਦਰ, ਗੂਗਲ ਤੇ ‘ਇੰਡੀਅਨ ਕਾਨੂੰਨ’ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਆਪਣਾ ਰੁਖ਼ ਵੀ ਸਪੱਸ਼ਟ ਕਰਨ ਲਈ ਕਿਹਾ ਹੈ। ਵਿਅਕਤੀ ਨੇ ਅਰਜ਼ੀ ਵਿਚ ਇਸ ਲਿੰਕ ਤੱਕ ਪਹੁੰਚ ਹਮੇਸ਼ਾ ਲਈ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। -ਪੀਟੀਆਈ