ਮੁੰਬਈ, 30 ਮਈ
ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਦੋਸ਼ ’ਚ ਜ਼ਮਾਨਤ ’ਤੇ ਬਾਹਰ ਆਈ ਇੰਦਰਾਨੀ ਮੁਖਰਜੀ ਨੇ ਬੰਬੇ ਹਾਈ ਕੋਰਟ ਦਾ ਰੁਖ ਕਰਕੇ ਆਪਣੇ ਖ਼ਿਲਾਫ਼ ਜੇਲ੍ਹ ’ਚ ਦੰਗਾ ਕਰਨ ਦੇ ਦਰਜ ਇਕ ਹੋਰ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਦੀ ਵੈੱਬਸਾਈਟ ਮੁਤਾਬਕ ਅਰਜ਼ੀ ’ਤੇ ਪਹਿਲੀ ਜੂਨ ਨੂੰ ਸੁਣਵਾਈ ਕੀਤੀ ਜਾਵੇਗੀ। ਬਾਇਕੁੱਲਾ ਜੇਲ੍ਹ ’ਚ ਕੁੱਟਮਾਰ ਦੀ ਘਟਨਾ ਤੋਂ ਬਾਅਦ ਮੁੰਬਈ ਪੁਲੀਸ ਨੇ 24 ਜੂਨ, 2017 ’ਚ ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਦੰਗਾ ਉਸ ਸਮੇਂ ਭੜਕਿਆ ਸੀ ਜਦੋਂ ਜੇਲ੍ਹ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਇਕ ਕੈਦੀ ਮੰਜੁਲਾ ਸ਼ੇਟੀ ਨੂੰ ਕੁੱਟਿਆ ਸੀ ਜਿਸ ਦੀ ਬਾਅਦ ’ਚ ਮੌਤ ਹੋ ਗਈ ਸੀ। ਇੰਦਰਾਨੀ ’ਤੇ ਕੈਦੀਆਂ ਨੂੰ ਨਾਅਰੇਬਾਜ਼ੀ ਕਰਨ ਲਈ ਭੜਕਾਉਣ ਅਤੇ ਪੁਲੀਸ ਅਧਿਕਾਰੀਆਂ ’ਤੇ ਪਲੇਟਾਂ ਤੇ ਗਮਲੇ ਸੁੱਟਣ ਦਾ ਦੋਸ਼ ਲੱਗਿਆ ਹੈ। ਹਾਈ ਕੋਰਟ ’ਚ 19 ਮਈ ਨੂੰ ਦਾਖ਼ਲ ਅਰਜ਼ੀ ’ਚ ਇੰਦਰਾਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਕੇਸ ’ਚ ਫਸਾਇਆ ਗਿਆ ਹੈ। ਉਸ ਨੇ ਕਿਹਾ ਹੈ ਕਿ ਉਹ ਹੰਗਾਮਾ ਕਰਨ ਵਾਲਿਆਂ ’ਚ ਸ਼ਾਮਲ ਨਹੀਂ ਸੀ। -ਪੀਟੀਆਈ