ਮੁੰਬਈ, 29 ਜੁਲਾਈ
ਬੰਬਈ ਹਾਈ ਕੋਰਟ ਨੇ ਵੀਰਵਾਰ ਨੂੰ ਇਕ ਪ੍ਰਾਈਵੇਟ ਹਸਪਤਾਲ ਨੂੰ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧ ਮਾਮਲੇ ਵਿੱਚ ਗ੍ਰਿਫ਼ਤਾਰ ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਹਨੀ ਬਾਬੂ ਦੀ ਤਾਜ਼ਾ ਮੈਡੀਕਲ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਇਸ ਵਰ੍ਹੇ ਮਈ ਵਿੱਚ ਹਾਈ ਕੋਰਟ ਦੇ ਹੁਕਮਾਂ ਬਾਅਦ ਬਾਬੂ ਨੂੰ ਨਵੀ ਮੁੰਬਈ ਦੇ ਤਾਲੋਜਾ ਜੇਲ੍ਹ ’ਚੋਂ ਬ੍ਰੀਚ ਕੈਂਡੀ ਹਸਪਤਾਲ ’ਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਦੇ ਵਕੀਲ ਨੇ ਮਈ ਵਿੱਚ ਅਦਾਲਤ ਨੂੰ ਦੱਸਿਆ ਸੀ ਕਿ ਬਾਬੂ ਦੀਆਂ ਅੱਖਾਂ ਵਿੱਚ ਗੰਭੀਰ ਲਾਗ ਸਮੇਤ ਕਈ ਬਿਮਾਰੀਆਂ ਹਨ। ਹਾਈ ਕੋਰਟ ਬਾਬੂ ਦੀ ਪਤਨੀ ਜੇਨੀ ਰੋਵੇਨਾ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ ਜਿਸ ਵਿੱਚ ਉਸ ਨੇ ਸਿਹਤ ਆਧਾਰ ’ਤੇ ਪਤੀ ਨੂੰ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਹੈ। -ਏਜੰਸੀ