ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼), 14 ਜੂਨ
ਸਮਾਜਵਾਦੀ ਪਾਰਟੀ ਨੇ ਸੜਕ ਹਾਦਸੇ ’ਚ ਮਾਰੇ ਗਏ ਪੱਤਰਕਾਰ ਸੁਲਭ ਸ੍ਰੀਵਾਸਤਵ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰੰਗ ਕੀਤੀ ਹੈ, ਜੋ ਕਿ ਸ਼ਰਾਬ ਮਾਫ਼ੀਆ ਬਾਰੇ ਕਵਰੇਜ ਕਰ ਰਿਹਾ ਸੀ।
ਏਐੱਸਪੀ ਸੁਰੇਂਦਰ ਦਿਵੇਦੀ ਨੇ ਅੱਜ ਦੱਸਿਆ ਕਿ ਨਿਊਜ਼ ਚੈਨਲ ਦੇ ਪੱਤਰਕਾਰ ਸੁਲਭ ਸ੍ਰੀਵਾਸਤਵ (42) ਦੀ ਐਤਵਾਰ ਨੂੰ ਕੋਤਵਾਲੀ ਥਾਣੇ ਅਧੀਨ ਪੈਂਦੇ ਸੁਖਪਾਲ ਨਗਰ ’ਚ ਇੱਟਾਂ ਦੇ ਭੱਠੇ ਨੇੜੇ ਬਿਜਲੀ ਦੇ ਖੰਭੇ ’ਚ ਮੋਟਰਸਾਈਕਲ ਵੱਜਣ ਕਾਰਨ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਉਹ ਲਾਲਗੰਜ ਥਾਣੇ ਅਧੀਨ ਪੈਂਦੇ ਅਸਰਹੀ ਪਿੰਡ ਤੋਂ ਕਥਿਤ ਨਾਜਾਇਜ਼ ਅਸਲਾ ਫੈਕਟਰੀ ਦੀ ਰਿਪੋਰਟਿੰਗ ਕਰ ਕੇ ਪਰਤ ਰਿਹਾ ਸੀ। ਸ਼ਰਾਬ ਮਾਫੀਆ ਖ਼ਿਲਾਫ਼ ਖ਼ਬਰ ਨਸ਼ਰ ਕਰਨ ਵਾਲੇ ਉਕਤ ਪੱਤਰਕਾਰ ਨੇ 12 ਜੂਨ ਨੂੰ ਪ੍ਰਯਾਗਰਾਜ ਦੇ ਏਡੀਜੀਪੀ ਨੂੰ ਪੱਤਰ ਲਿਖ ਕੇ ਸੁਰੱਖਿਆ ਮੰਗੀ ਸੀ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, ‘ਪ੍ਰਤਾਪਗੜ੍ਹ ਵਿੱਚ ਇੱਕ ਕਥਿਤ ਹਾਦਸੇ ’ਚ ਟੀਵੀ ਪੱਤਰਕਾਰ ਦੀ ਮੌਤ ਦੀ ਖ਼ਬਰ ਬੇਹੱਦ ਦੁਖਦਾਈ ਹੈ। ਭਾਜਪਾ ਸਰਕਾਰ ਇਸ ਮਾਮਲੇ ’ਚ ਇੱਕ ਉੱਚ ਪੱਧਰੀ ਜਾਂਚ ਟੀਮ ਬਣਾਵੇ ਅਤੇ ਪਰਿਵਾਰ ਤੇ ਜਨਤਾ ਨੂੰ ਇਹ ਦੱਸੇ ਕਿ ਪੱਤਰਕਾਰ ਵੱਲੋਂ ਸ਼ਰਾਬ ਮਾਫ਼ੀਆ ਹੱਥੋਂ ਕਤਲ ਦਾ ਖਦਸ਼ਾ ਪ੍ਰਗਟਾਏ ਜਾਣ ਦੇ ਬਾਵਜੂਦ ਉਸ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ।’ -ਪੀਟੀਆਈ
‘ਜੰਗਲ ਰਾਜ’ ਨੂੰ ਬੜ੍ਹਾਵਾ ਦੇ ਰਹੀ ਹੈ ਯੋਗੀ ਸਰਕਾਰ: ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸੂਬੇ ਵਿੱਚ ‘ਜੰਗਲ ਰਾਜ’ ਨੂੰ ਬੜ੍ਹਾਵਾ ਦੇ ਰਹੀ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘ਅਲੀਗੜ੍ਹ ਤੋਂ ਲੈ ਕੇ ਪ੍ਰਤਾਪਗੜ੍ਹ ਤੱਕ ਫੈਲਿਆ ਸ਼ਰਾਬ ਮਾਫੀਆ ਸੂਬੇ ’ਚ ਮੌਤਾਂ ਦਾ ਕਾਰਨ ਬਣਾ ਰਿਹਾ ਹੈ। ਸਰਕਾਰ ਚੁੱਪ ਹੈ।’ ਉਨ੍ਹਾਂ ਕਥਿਤ ਦੋਸ਼ ਲਾਇਆ, ‘ਪੱਤਰਕਾਰ ਸੱਚ ਨੂੰ ਨਸ਼ਰ ਕਰਕੇ, ਸਰਕਾਰ ਨੂੰ ਖ਼ਤਰਿਆਂ ਤੋਂ ਚੇਤੰਨ ਕਰਦੇ ਹਨ। ਸਰਕਾਰ ਸੁੱਤੀ ਹੋਈ ਹੈ। ਕੀ ‘ਜੰਗਲ ਰਾਜ’ ਦੀ ਪੁਸ਼ਤਪਨਾਹੀ ਕਰ ਰਹੀ ਸਰਕਾਰ ਕੋਲ ਪੱਤਰਕਾਰ ਸੁਲਭ ਸ੍ਰੀਵਾਸਤਵ ਦੇ ਪਰਿਵਾਰ ਦੇ ਅੱਥਰੂਆਂ ਦਾ ਜਵਾਬ ਹੈ?’