ਨਵੀਂ ਦਿੱਲੀ, 26 ਸਤੰਬਰ
ਛੇ ਮਾਰਗੀ ਸ਼ਾਹਰਾਹ ਦੀ ਉਸਾਰੀ ਲਈ ਪੂਰਬੀ ਤੇ ਦੱਖਣ-ਪੂਰਬੀ ਦਿੱਲੀ ਦੇ 14 ਹੈਕਟੇਅਰ ਤੋਂ ਵੱਧ ਦੇ ਜੰਗਲਾਤ ਖੇਤਰ ਵਿੱਚ ਲੱਗੇ 2038 ਰੁੱਖਾਂ ’ਤੇ ਕੁਹਾੜਾ ਚੱਲ ਸਕਦਾ ਹੈ। ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨਐੱਚਏਆਈ) ਨੇ 14.75 ਕਿਲੋਮੀਟਰ ਲੰਮੇ ਛੇ-ਮਾਰਗੀ ਸ਼ਾਹਰਾਹ ਦੇ ਇਕ ਹਿੱਸੇ ਦੀ ਉਸਾਰੀ ਲਈ ਦਿੱਲੀ ਦੇ ਜੰਗਲਾਤ ਵਿਭਾਗ ਤੋਂ ਲੋੜੀਂਦੀ ਪ੍ਰਵਾਨਗੀ ਮੰਗੀ ਹੈ। ਇਹ ਸ਼ਾਹਰਾਹ ਦਿੱਲੀ ਨੂੰ ਸਹਾਰਨਪੁਰ ਹਾਈਵੇਅ ਨਾਲ ਜੋੜੇਗਾ।
ਦਿੱਲੀ-ਯੂਪੀ ਬਾਰਡਰ ਤੇ ਅਕਰਸ਼ਧਾਰਮ ਐੱਨਐੱਚ-9 ਵਿਚਾਲੇ ਪੈਂਦੇ ਸੜਕ ਦੇ ਇਸ ਟੁਕੜੇ ਦਰਮਿਆਨ ਕੁੱਲ 2038 ਰੁੱਖ ਪੈਂਦੇ ਹਨ। ਇਹ ਰੁੱਖ ਵੱਖ ਵੱਖ ਕਿਸਮਾਂ ਦੇ ਹਨ, ਜਿਨ੍ਹਾਂ ਵਿੱਚ ਸ਼ੀਸ਼ਮ, ਸ਼ਹਿਤੂਤ, ਪਿੱਪਲ, ਚੰਪਾ, ਅਸ਼ੋਕਾ, ਸੁਬਾਬੁਲ, ਨੀਮ, ਕਿੱਕਰ, ਸਫੈਦਾ ਬੇਰ, ਜਾਮੁਨ ਤੇ ਗੁਲਾਰ ਸ਼ਾਮਲ ਹਨ। ਪੰਦਰਾ ਸੌ ਕਰੋੜ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਭਾਰਤਮਾਲਾ ਪਰਿਯੋਜਨਾ, ਜੋ ਮੁਲਕ ਦਾ ਦੂਜਾ ਸਭ ਤੋਂ ਵੱਡਾ ਹਾਈਵੇਅ ਉਸਾਰੀ ਪ੍ਰੋਗਰਾਮ ਹੈ ਤੇ ਜਿਸ ਤਹਿਤ 50,000 ਕਿਲੋਮੀਟਰ ਸੜਕਾਂ ਦੀ ਉਸਾਰੀ ਕੀਤੀ ਜਾਣੀ ਹੈ, ਦੇ ਫੇਜ਼ 1 ਦਾ ਹੀ ਹਿੱਸਾ ਹੈ। ਤਜਵੀਜ਼ ਮੁਤਾਬਕ ਇਹ ਪ੍ਰਾਜੈਕਟ ਜੰਗਲਾਤ ਖੇਤਰ ਅਧੀਨ ਆਉਂਦਾ ਹੈ ਤੇ ਜੰਗਲਾਤ ਦੀ ਜ਼ਮੀਨ ਨੂੰ ਛੱਡ ਕੇ ਕਿਸੇ ਹੋਰ ਪਾਸਿਓਂ ਸ਼ਾਹਰਾਹ ਕੱਢਣਾ ਮੁਸ਼ਕਲ ਹੈ। ਇਸ ਦੇ ਨਾਲ ਹੀ ਕੇਂਦਰੀ ਏਜੰਸੀ ਨੇ ਡੀਐੱਨਡੀ ਮਹਾਰਾਣੀ ਤੋਂ ਐੱਨਐੱਚ 148 ਦੇ ਜੈਤਪੁਰ-ਪੁਸ਼ਤਾ ਰੋਡ ਸੈਕਸ਼ਨ ਦੇ ਜੰਕਸ਼ਨ ਲਈ ਛੇ ਮਾਰਗੀ ਸੜਕ ਦੀ ਉਸਾਰੀ ਲਈ ਜੰਗਲਾਤ ਮਹਿਕਮੇ ਤੋਂ ਲੋੜੀਂਦੀ ਪ੍ਰਵਾਨਗੀ ਮੰਗੀ ਹੈ। ਪ੍ਰਾਜੈਕਟ ਤਹਿਤ ਜੰਗਲਾਤ ਵਿਭਾਗ ਦੀ 0.35 ਹੈਕਟੇਅਰ ਜ਼ਮੀਨ ’ਤੇ ਲੱਗੇ ਕੁੱਲ ਮਿਲਾ ਕੇ 191 ਰੁੱਖਾਂ ’ਤੇ ਕੁਹਾੜਾ ਚੱਲਣ ਦੇ ਆਸਾਰ ਹਨ। -ਪੀਟੀਆਈ