ਮੰਗਲੂਰੂ: ਉਡੁਪੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ’ਚ ਸਾਰੇ ਹਾਈ ਸਕੂਲਾਂ ਦੇ ਨੇੜਲੇ ਇਲਾਕਿਆਂ ’ਚ ਸੋਮਵਾਰ ਤੋਂ ਲੈ ਕੇ 19 ਫਰਵਰੀ ਤੱਕ ਧਾਰਾ 144 ਤਹਿਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਸਕੂਲਾਂ ਦੇ ਭਲਕੇ ਤੋਂ ਮੁੜ ਖੁੱਲ੍ਹਣ ਕਾਰਨ ਇਹਤਿਆਤ ਵਜੋਂ ਇਹ ਕਦਮ ਉਠਾਇਆ ਗਿਆ ਹੈ। ਉਧਰ ਕਰਨਾਟਕ ਹਾਈ ਕੋਰਟ ’ਚ ਹਿਜਾਬ ਵਿਵਾਦ ’ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਹਾਈ ਕੋਰਟ ਨੇ 10 ਫਰਵਰੀ ਨੂੰ ਕੇਸ ਦੀ ਸੁਣਵਾਈ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਉਹ ਵਿਦਿਅਕ ਅਦਾਰਿਆਂ ’ਚ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਨਾ ਕਰਨ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਹਿਜਾਬ ਬਨਾਮ ਭਗਵਾਂ ਸ਼ਾਲ ਵਿਵਾਦ ਮਗਰੋਂ ਸਕੂਲਾਂ ’ਚ ਛੁੱਟੀਆਂ ਕਰ ਦਿੱਤੀਆਂ ਸਨ। ਪੁਲੀਸ ਨੇ ਡੀਸੀ ਐੱਮ ਕੁਰਮਾ ਰਾਓ ਨੂੰ ਹਾਈ ਸਕੂਲਾਂ ਨੇੜੇ 200 ਮੀਟਰ ਦੇ ਘੇਰੇ ’ਚ ਦਫ਼ਾ 144 ਲਾਗੂ ਕਰਨ ਦੀ ਬੇਨਤੀ ਕੀਤੀ ਸੀ। ਹੁਕਮਾਂ ਤਹਿਤ ਸਕੂਲਾਂ ਨੇੜੇ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਰਹੇਗੀ। -ਪੀਟੀਆਈ