ਸ਼ਿਮਲਾ, 10 ਦਸੰਬਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਅੱਜ ਸਪੀਕਰ ਨੇ ਕਾਂਗਰਸ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਬੇਭਰੋਸਗੀ ਨੋਟਿਸ ਰੱਦ ਕਰ ਦਿੱਤਾ। ਸਪੀਕਰ ਨੇ ਕਿਹਾ ਕਿ ਇਸ ਨੋਟਿਸ ਨੂੰ ਲੋੜੀਂਦੇ ਮੈਂਬਰਾਂ ਦਾ ਸਮਰਥਨ ਪ੍ਰਾਪਤ ਨਹੀਂ ਹੈ।
ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਭਾਜਪਾ ਦੀ ਮੌਜੂਦਾ ਸਰਕਾਰ ਮੰਡੀ ਸੰਸਦੀ ਹਲਕੇ ਦੀ ਉਪ ਚੋਣ ਅਤੇ ਤਿੰਨ ਵਿਧਾਨ ਸਭਾ ਸੀਟਾਂ ਅਰਕੀ, ਫ਼ਤਹਿਪੁਰ ਅਤੇ ਜੁੱਬਲ-ਕੋਟਖਾਈ ਦੀਆਂ ਉਪ ਚੋਣਾਂ ਹਾਰਨ ਤੋਂ ਬਾਅਦ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਨ੍ਹਾਂ ਚਾਰ ਸੀਟਾਂ ’ਤੇ ਹੋਈਆਂ ਉਪ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਹੁਣ ਜੈਰਾਮ ਠਾਕੁਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਨਵੀਆਂ ਚੋਣਾਂ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ। ਹਾਲਾਂਕਿ, ਸਪੀਕਰ ਵਿਪਿਨ ਪਰਮਾਰ ਨੇ ਕਾਂਗਰਸ ਪਾਰਟੀ ਦਾ ਇਹ ਨੋਟਿਸ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸਦਨ ਵਿਚ ਕਾਂਗਰਸ ਦੇ ਸਿਰਫ਼ 18 ਮੈਂਬਰ ਮੌਜੂਦ ਸਨ ਜਦਕਿ ਬੇਭਰੋਸਗੀ ਮਤਾ ਲਿਆਉਣ ਲਈ ਸਦਨ ਦੇ ਇਕ-ਤਿਹਾਈ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਇਸ ਮੁੱਦੇ ਨੂੰ ਲੈ ਕੇ ਦੋਹਾਂ ਧਿਰਾਂ ਵੱਲੋਂ ਕੀਤੇ ਗਏ ਹੰਗਾਮੇ ਵਿਚਾਲੇ ਸਦਨ ਦੀ ਕਾਰਵਾਈ ਦੁਪਹਿਰ ਦੇ ਖਾਣੇ ਤੱਕ ਮੁਲਤਵੀ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਕੁੱਲ 68 ਮੈਂਬਰਾਂ ’ਚੋਂ ਕਾਬਜ਼ ਧਿਰ ਭਾਜਪਾ ਦੇ 43, ਕਾਂਗਰਸ ਦੇ 22, ਦੋ ਆਜ਼ਾਦ ਅਤੇ ਸੀਪੀਐੱਮ ਦਾ ਇਕ ਵਿਧਾਇਕ ਹੈ। ਬਾਅਦ ਵਿਚ ਕਾਂਰਗਸੀ ਆਗੂ ਅਗਨੀਹੋਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਬੇਭਰੋਸਗੀ ਮਤੇ ’ਤੇ 22 ਕਾਂਗਰਸੀ ਵਿਧਾਇਕਾਂ ਅਤੇ ਇਕ ਸੀਪੀਐੱਮ ਦੇ ਵਿਧਾਇਕ ਰਾਕੇਸ਼ ਸਿੰਘਾ ਦੇ ਹਸਤਾਖਰ ਸਨ ਜਦਕਿ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ, ਰਾਜਿੰਦਰ ਰਾਣਾ ਅਤੇ ਵਿਕਰਮਾਦਿੱਤਿਆ ਸਿੰਘ ਅੱਜ ਸਦਨ ਵਿਚ ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਤਾਮਿਲਨਾਡੂ ਵਿਚ ਇਕ ਹੈਲੀਕਾਪਟਰ ਹਾਦਸੇ ’ਚ ਜਾਨਾਂ ਗੁਆਉਣ ਵਾਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਅਤੇ 11 ਹੋਰਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸ਼ੋਕ ਮਤਾ ਲਿਆਂਦਾ ਗਿਆ, ਜਿਸ ਨੂੰ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ। -ਪੀਟੀਆਈ