ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 14 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਚ ਮੀਂਹ ਸਬੰਧੀ ਹਾਦਸਿਆਂ ਵਿਚ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਇਕ ਪੰਜਾਬੀ ਗਾਇਕ ਸਣੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਬੋਹ ਵਾਦੀ ਵਿਚ ਭਾਰੀ ਮੀਂਹ ਕਾਰਨ ਡਿੱਗੀਆਂ ਢਿੱਗਾਂ ਦੇ ਮਲਬੇ ਵਿੱਚੋਂ ਹੁਣ ਤਕ ਛੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ।
ਪੁਲੀਸ ਅਨੁਸਾਰ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਇਕ ਨਾਲੇ ਵਿਚ ਡਿੱਗ ਕੇ ਹੋਈ। ਅੰਮ੍ਰਿਤਸਰ ਦਾ ਰਹਿਣ ਵਾਲਾ ਮਨਮੀਤ ਸਿੰਘ ਆਪਣੇ ਦੋਸਤਾਂ ਨਾਲ ਕਰੇਰੀ ਝੀਲ ਘੁੰਮਣ ਗਿਆ ਸੀ। ਪੁਲੀਸ ਵੱਲੋਂ ਉਸ ਦੀ ਲਾਸ਼ ਮੰਗਲਵਾਰ ਰਾਤ ਨੂੰ ਸੱਲੀ ਤੋਂ ਬਰਾਮਦ ਕੀਤੀ ਗਈ।
ਕਾਂਗੜਾ ਦੇ ਡਿਪਟੀ ਕਮਿਸ਼ਨਰ ਨਿਪੁੰਨ ਜਿੰਦਲ ਨੇ ਦੱਸਿਆ ਕਿ ਸੋਮਵਾਰ ਨੂੰ ਬੋਹ ਵਾਦੀ ਵਿਚ ਢਿੱਗਾਂ ਡਿੱਗਣ ਸਬੰਧੀ ਘਟਨਾ ਵਿਚ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚਾਰ ਜਣੇ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ, ‘‘ਸਾਡੀ ਇਕ ਟੀਮ ਬੋਹ ਵਾਦੀ ਵਿਚ ਕੰਮ ਕਰ ਰਹੀ ਹੈ, ਜਿੱਥੇ ਹੁਣ ਤੱਕ ਛੇ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ ਚਾਰ ਵਿਅਕਤੀ ਅਜੇ ਵੀ ਲਾਪਤਾ ਹਨ। ਸਬੰਧਤ ਡੀਐੱਸਪੀ ਤੇ ਐੱਸਡੀਐੱਮ ਮੌਕੇ ’ਤੇ ਮੌਜੂਦ ਹਨ।’’ ਡੀਸੀ ਨੇ ਕਿਹਾ ਕਿ ਇਕ ਟੀਮ 55 ਸਾਲਾ ਇਕ ਵਿਅਕਤੀ ਦੀ ਭਾਲ ਵਿਚ ਲੱਗੀ ਹੋਈ ਹੈ। ਇਹ ਵਿਅਕਤੀ ਸਮੀਰਪੁਰ ਵਿਚ ਸੋਮਵਾਰ ਸਵੇਰੇ ਅਚਾਨਕ ਆਏ ਹੜ੍ਹ ਵਿਚ ਰੁੜ੍ਹ ਗਿਆ ਸੀ ਜਦਕਿ ਤੀਜੀ ਤਲਾਸ਼ੀ ਮੁਹਿੰਮ ਲਾਮ ਡਲ ਝੀਲ ਵਿਚ ਲਾਪਤਾ ਹੋਏ ਪੰਜ ਲੋਕਾਂ ਨੂੰ ਲੱਭਣ ਲਈ ਚੱਲ ਰਹੀ ਹੈ। ਪੁਲੀਸ ਅਨੁਸਾਰ ਇਕ 11 ਸਾਲਾ ਲੜਕੀ ਦੀ ਤਿਲਕ ਕੇ ਨਾਲੇ ਵਿਚ ਡਿੱਗਣ ਕਾਰਨ ਮੌਤ ਹੋ ਚੁੱਕੀ ਹੈ। -ਪੀਟੀਆਈ