ਪ੍ਰਤਿਭਾ ਚੌਹਾਨ
ਸ਼ਿਮਲਾ, 20 ਅਕਤੂਬਰ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਨਵੇਂ ਰੰਗ ਦਿਖਾਈ ਦੇ ਰਹੇ ਹਨ ਜਿੱਥੇ ਸਿਆਸੀ ਖਾਹਿਸ਼ਾਂ ਖੂਨ ਦੇ ਰਿਸ਼ਤਿਆਂ ’ਤੇ ਭਾਰੀ ਪੈਣ ਲੱਗੀਆਂ ਹਨ।
ਮੰਡੀ ਦੇ ਧਰਮਪੁਰ ਤੋਂ ਅੱਠ ਵਾਰ ਵਿਧਾਇਕ ਰਹੇ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਨੂੰ ਆਪਣੀ ਹੀ ਧੀ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹੇਂਦਰ ਸਿੰਘ ਦੇ ਪੁੱਤਰ ਰਜਤ ਠਾਕੁਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਅਤੇ ਇਸ ਦਾ ਮਹੇਂਦਰ ਸਿੰਘ ਦੀ ਧੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੰਦਨਾ ਗੁਲੇਰੀਆ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਠਾਕੁਰ ਨੂੰ ਉਮੀਦਵਾਰ ਐਲਾਨੇ ਜਾਣ ਦੇ ਵਿਰੋਧ ’ਚ ਵੰਦਨਾ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕੀਤੀ, ‘‘ਦਿੱਲੀ ਤੋਂ ਟਿਕਟ ਮਿਲ ਸਕਦੀ ਹੈ, ਵੋਟਾਂ ਨਹੀਂ।’’ ਉਨ੍ਹਾਂ ਹਮੇਸ਼ਾ ਲੜਕੀਆਂ ਦੀ ਕੁਰਬਾਨੀ ਲਏ ਜਾਣ ਦੀ ਪਿਰਤ ’ਤੇ ਸਵਾਲ ਚੁੱਕਿਆ। ਵੰਦਨਾ ਦੀ ਇਸ ਟਿੱਪਣੀ ਨਾਲ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਹੈ। ਮਹੇਂਦਰ ਸਿੰਘ ਵੱਲੋਂ ਧੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਅਜਿਹੀਆਂ ਕਿਆਸਰਾਈਆਂ ਵੀ ਹਨ ਕਿ ਵੰਦਨਾ ਆਪਣੇ ਭਰਾ ਖ਼ਿਲਾਫ਼ ਚੋਣ ਮੈਦਾਨ ’ਚ ਉੱਤਰ ਸਕਦੀ ਹੈ।
ਅਜਿਹੀ ਹੀ ਸਮੱਸਿਆ ਦਾ ਸਾਹਮਣਾ ਸਾਬਕਾ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮਹੇਸ਼ਵਰ ਸਿੰਘ ਦੇ ਪਰਿਵਾਰ ਨੂੰ ਕਰਨਾ ਪੈ ਰਿਹਾ ਹੈ। ਮਹੇਸ਼ਵਰ ਸਿੰਘ ਨੂੰ ਕੁੱਲੂ (ਸਦਰ) ਤੋਂ ਭਾਜਪਾ ਦੀ ਟਿਕਟ ਮਿਲਣ ਨਾਲ ਉਨ੍ਹਾਂ ਦੇ ਪੁੱਤਰ ਹਿਤੇਸ਼ਵਰ ਸਿੰਘ ਦਾ ਨਾਲ ਲੱਗਦੇ ਬੰਜਾਰ ਹਲਕੇ ਤੋਂ ਚੋਣ ਲੜਨ ਦਾ ਸੁਫ਼ਨਾ ਟੁੱਟ ਗਿਆ ਕਿਉਂਕਿ ਭਾਜਪਾ ਦੇ ਨਿਯਮਾਂ ਅਨੁਸਾਰ ਇੱਕ ਪਰਿਵਾਰ ’ਚੋਂ ਇੱਕ ਵਿਅਕਤੀ ਨੂੰ ਹੀ ਟਿਕਟ ਮਿਲ ਸਕਦੀ ਹੈ। ਹਿਤੇਸ਼ਵਰ ਨੂੰ ਉਨ੍ਹਾਂ ਦੇ ਪਿਤਾ ਨੇ ਟਿਕਟ ਲਈ ਆਪਣਾ ਦਾਅਵਾ ਪੇਸ਼ ਨਾ ਕਰਨ ਲਈ ਮਨਾ ਲਿਆ ਹੈ, ਪਰ ਆਪਣੇ ਹਮਾਇਤੀਆਂ ਦੇ ਦਬਾਅ ਹੇਠ ਆ ਕੇ ਹਿਤੇਸ਼ਵਰ ਨੇ ਬੰਜਾਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਮਹੇਸ਼ਵਰ, ਉਨ੍ਹਾਂ ਦੀ ਪਤਨੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਹਿਤੇਸ਼ਵਰ ਨੂੰਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਾਬਕਾ ਮੰਤਰੀ ਕਰਨ ਸਿੰਘ ਦੇ ਪੁੱਤਰ ਤੇ ਮਹੇਸ਼ਵਰ ਸਿੰਘ ਦੇ ਭਤੀਜੇ ਆਦਿੱਤਿਆ ਵਿਕਰਮ ਸਿੰਘ ਨੇ ਟਿਕਟ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਛੱਡ ਦਿੱਤੀ ਹੈ। ਭਾਜਪਾ ’ਚ ਸ਼ਾਮਲ ਹੋ ਕੇ ਉਹ ਹੁਣ ਆਪਣੇ ਭਰਾ ਹਿਤੇਸ਼ਵਰ ਖ਼ਿਲਾਫ਼ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਸਕਦੇ ਹਨ। ਇਸੇ ਤਰ੍ਹਾਂ ਸੋਲਨ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਵਿਧਾਇਕ ਧਨੀ ਰਾਮ ਸ਼ਾਂਡਿਲ ਆਪਣੇ ਜਵਾਈ ਤੇ ਭਾਜਪਾ ਉਮੀਦਵਾਰ ਡਾ.ਰਾਜੇਸ਼ ਕਸ਼ਯਪ ਖਿਲਾਫ਼ ਮੈਦਾਨ ਵਿੱਚ ਨਿੱਤਰਨਗੇ, ਹਾਲਾਂਕਿ ਪਰਿਵਾਰ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਰਿਸ਼ਤੇ ’ਚ ਸਹੁਰਾ-ਜਵਾਈ ਲੱਗਦੇ ਦੋਵੇਂ ਉਮੀਦਵਾਰ ਸਾਲ 2017 ਦੀਆਂ ਚੋਣਾਂ ਮੌਕੇ ਵੀ ਇਕ ਦੂਜੇ ਦੇ ਰਵਾਇਤੀ ਵਿਰੋਧੀ ਸਨ।
ਭਾਜਪਾ ਵੱਲੋਂ 6 ਤੇ ਕਾਂਗਰਸ ਵੱਲੋਂ 17 ਉਮੀਦਵਾਰਾਂ ਦੀ ਸੂਚੀ ਜਾਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 12 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਬਾਕੀ ਰਹਿੰਦੇ ਛੇ ਉਮੀਦਵਾਰ ਅਤੇ ਕਾਂਗਰਸ ਨੇ 17 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਕਾਂਗਰਸ ਹੁਣ ਤੱਕ ਕੁੱਲ 63 ਉਮੀਦਵਾਰ ਐਲਾਨ ਚੁੱਕੀ ਹੈ। ਭਾਜਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਪੰਜ ਵਾਰ ਵਿਧਾਇਕ ਰਹੇ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਨੇੜਲੇ ਰਵਿੰਦਰ ਸਿੰਘ ਰਵੀ ਨੂੰ ਜਵਾਲਾਮੁਖੀ ਤੋਂ ਮੈਦਾਨ ਤੋਂ ਉਤਾਰਿਆ ਗਿਆ ਹੈ ਜਦਕਿ ਜਵਾਲਾਮੁਖੀ ਦੇ ਮੌਜੂਦਾ ਵਿਧਾਇਕ ਰਮੇਸ਼ ਧਾਵਲਾ ਨੂੰ ਦੇਹਰਾ ਤੋਂ ਟਿਕਟ ਦਿੱਤੀ ਗਈ ਹੈ। ਸਾਬਕਾ ਵਿਧਾਇਕ ਤੇ ਸੰਸਦ ਮੈਂਬਰ ਮਹੇਸ਼ਵਰ ਸਿੰਘ ਨੂੰ ਕੁੱਲੂ ਤੋਂ ਜਦਕਿ ਏਬੀਵੀਪੀ ਦੇ ਸਾਬਕਾ ਸੂਬਾ ਪ੍ਰਧਾਨ ਕੌਲ ਨੇਗੀ ਨੂੰ ਰਾਮਪੁਰ ਤੋਂ ਟਿਕਟ ਮਿਲੀ ਹੈ। ਦੋ ਹੋਰ ਭਾਜਪਾ ਉਮੀਦਵਾਰਾਂ ’ਚੋਂ ਮਾਇਆ ਸ਼ਰਮਾ ਨੂੰ ਬੜਸਰ ਤੇ ਰਾਮਕੁਮਾਰ ਨੂੰ ਹਰੋਲੀ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਭਾਜਪਾ ਵੱਲੋਂ ਕੁੱਲ 68 ਉਮੀਦਵਾਰਾਂ ’ਚੋਂ 62 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਐਲਾਨ ਚੁੱਕੀ ਹੈ। ਭਾਜਪਾ ਦੀ ਸੂਚੀ ’ਚ ਪੰਜ ਮਹਿਲਾ, 11 ਐੱਸਸੀ ਤੇ ਅੱਠ ਐੱਸਟੀ ਉਮੀਦਵਾਰ ਸ਼ਾਮਲ ਹਨ। -ਆਈਏਐੱਨਐੱਸ
‘ਆਪ’ ਵੱਲੋਂ ਐਡਵੋਕੇਟ ਗੀਤਾਨੰਦ ਠਾਕੁਰ ਲੜਨਗੇ ਜੈਰਾਮ ਠਾਕੁਰ ਖ਼ਿਲਾਫ਼ ਚੋਣ
ਸ਼ਿਮਲਾ: ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਖ਼ਿਲਾਫ਼ ਪਾਰਟੀ ਵੱਲੋਂ ਐਡਵੋਕੇਟ ਗੀਤਾਨੰਦ ਠਾਕੁਰ ਨੂੰ ਸੇਰਾਜ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਬੀਤੇ ਦਿਨ ਆਪਣੇ 54 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ਪਾਰਟੀ ਨੇ ਚਾਰ ਵਿਧਾਨ ਸਭਾ ਹਲਕਿਆਂ ਫਤਹਿਪੁਰ, ਨਗਰੋਟਾ ਬਗਵਾਂ, ਪਾਉਂਟਾ ਸਾਹਿਬ ਤੇ ਲਾਹੌਲ-ਸਪਿਤੀ ਤੋਂ ਉਮੀਦਵਾਰ ਐਲਾਨੇ ਸਨ। -ਆਈਏਐੱਨਐੱਸ