ਸ਼ਿਮਲਾ, 4 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਬੱਦੀ ਸਨਅਤੀ ਵਿੱਚ ਅਤਰ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਰਕੇ ਮਰੇ ਪੰਜ ਵਿਅਕਤੀਆਂ ਵਿਚੋਂ ਚਾਰ ਦੀ ਪਛਾਣ ਹੋ ਗਈ ਹੈ ਤੇ ਇਹ ਸਾਰੀਆਂ ਮਹਿਲਾਵਾਂ ਸਨ। ਪੀਜੀਆਈ ਚੰਡੀਗੜ੍ਹ ਨੇ ਸ਼ੁੱਕਰਵਾਰ ਨੂੰ ਜਿਸ ਜ਼ਖ਼ਮੀ ਮਹਿਲਾ ਨੂੰ ਮ੍ਰਿਤ ਲਿਆਂਦੀ ਐਲਾਨਿਆ ਸੀ, ਉਸ ਦੀ ਪਛਾਣ ਪਿੰਕੀ ਵਜੋੋਂ ਹੋਈ ਹੈ ਜਦੋਂਕਿ ਫੈਕਟਰੀ ਦੀ ਰਾਖ ਵਿਚੋਂ ਬਰਾਮਦ ਚਾਰ ਲਾਸ਼ਾਂ ਵਿਚੋਂ ਤਿੰਨ ਦੀ ਪਛਾਣ ਰਹਿਨੁਮਾ, ਸ਼ਸ਼ੀ ਤੇ ਰਾਖੀ ਵਜੋਂ ਦੱਸੀ ਗਈ ਹੈ। ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਫੈਕਟਰੀ ਵਿੱਚ ਲੱਗੀ ਅੱਗ ਕਰਕੇ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਲਾਪਤਾ ਚਾਰ ਵਿਅਕਤੀਆਂ ਦੀ ਭਾਲ ਜਾਰੀ ਹੈ। ਸੋਲਨ ਦੇ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਸ਼ਨਿੱਚਰਵਾਰ ਸਵੇਰੇ ਕਿਹਾ ਸੀ ਕਿ 13 ਵਿਅਕਤੀ ਲਾਪਤਾ ਹਨ। ਸ਼ਰਮਾ ਨੇ ਕਿਹਾ ਕਿ ਅੱਗ ਲੱਗਣ ਮੌਕੇ ਫੈਕਟਰੀ ਵਿੱਚ ਮੌਜੂਦ ਲੋਕਾਂ ਨੇ ਇਮਾਰਤ ਦੀ ਪਹਿਲੀ ਤੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ, ਜਿਸ ਕਰਕੇ ਕਈਆਂ ਦੇ ਹੱਥਾਂ, ਲੱਤਾਂ ਤੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗੀ ਹੈ। ਹਾਲਾਂਕਿ ਇਨ੍ਹਾਂ ਵਿਚੋਂ ਪੰਜ ਦੀਆਂ ਲਾਸ਼ਾਂ ਸ਼ਨਿੱਚਰਵਾਰ ਨੂੰ ਮਿਲ ਗਈਆਂ ਸਨ ਜਦੋਂਕਿ ਚਾਰ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਪੀਟੀਆਈ