ਸ਼ਿਮਲਾ, 3 ਜੁਲਾਈ
ਸਾਢੇ ਤਿੰਨ ਮਹੀਨਿਆਂ ਬਾਅਦ ਹਿਮਾਚਲ ਪ੍ਰਦੇਸ਼ ਨੇ ਸੈਲਾਨੀਆਂ ਲਈ ਆਪਣੇ ਦਰ ਬਾਸ਼ਰਤ ਖੋਲ੍ਹ ਦਿੱਤੇ ਹਨ। ਇਥੇ ਆਉਣ ਵਾਲੇ ਸੈਲਾਨੀਆਂ ਨੂੰ ਆਪਣੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਉਣ ਹੀ ਹੋਵੇਗੀ ਤੇ ਨਾਲ ਹੋਟਲ ਦੀ ਪਹਿਲਾਂ ਬੁਕਿੰਗ ਘੱਟੋ-ਘੱਟ ਪੰਜ ਦਿਨ ਲਈ ਲਾਜ਼ਮੀ ਹੈ।
ਰਾਜ ਦੇ ਮੁੱਖ ਸਕੱਤਰ ਅਨਿਲ ਕੁਮਾਰ ਖਾਚੀ ਦੁਆਰਾ ਜਾਰੀ ਕੀਤੇ ਆਦੇਸ਼ ਮੁਤਾਬਕ ਰਾਜ ਸਰਕਾਰ ਨੇ ਕਰੋਨਵਾਇਰਸ ਤਾਲਾਬੰਦੀ ਤੋਂ ਬਾਅਦ ਸੈਲਾਨੀਆਂ ਲਈ ਰਾਜ ਦੇ ਦਰ ਪੜਾਅਵਾਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹੁਕਮਾਂ ਮੁਤਾਬਕ ਹੋਟਲ ਬੁਕਿੰਗ ਲਾਜ਼ਮੀ ਹੈ ਤੇ ਰਾਜ ਵਿੱਚ ਦਾਖਲੇ ਤੋਂ ਸਿਰਫ 72 ਘੰਟੇ ਪਹਿਲਾਂ ਸੀਆਈਐੱਮਆਰ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਵਿਡ-19 ਟੈਸਟ ਹੋਇਆ ਹੋਵੇ ਤੇ ਉਸ ਦੀ ਰਿਪੋਰਟ ਨੈਗੇਟਿਵ ਹੋਵੇ। ਇਸ ਕਾਰਨ ਸੈਲਾਨੀ ਨੂੰ ਰਾਜ ਵਿੱਚ ਇਕਾਂਤਵਾਸ ਨਹੀਂ ਕਰਨਾ ਪਵੇਗਾ। ਸੈਲਾਨੀ ’ਤੇ ਕੋਵਿਡ-ਈ ਪਾਸ ਨਾਲ ਨਜ਼ਰ ਰੱਖੀ ਜਾਵੇਗੀ। ਹੁਕਮ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਸ ਤਰੀਕ ਤੋਂ ਸੈਲਾਨੀ ਰਾਜ ਵਿੱਚ ਦਾਖਲ ਹੋ ਸਕਦੇ ਹਨ। ਹੁਕਮ ਮੁਤਾਬਕ ਅਗਲੇ ਹਕਮਾਂ ਤੱਕ ਰਾਜ ਵਿੱਚ ਅੰਤਰ-ਰਾਜੀ ਬੱਸ ਸੇਵਾ ਮੁਅੱਤਲ ਰਹੇਗੀ।