ਨਵੀਂ ਦਿੱਲੀ, 11 ਅਗਸਤ
ਕੈਪੀਟਲ ਮਾਰਕੀਟ ਰੈਗੂਲੇਟਰ ‘ਸੇਬੀ’ ਦੀ ਚੇਅਰਪਰਸਨ ਮਾਧਵੀ ਪੁਰੀ ਬੁੁਚ ਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਸ਼ਾਰਟ ਸੈੱਲਰ ਹਿੰਡਨਬਰਗ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿੱਤੀ ਅਸਾਸੇ ਖੁੱਲ੍ਹੀ ਕਿਤਾਬ ਵਾਂਗ ਹਨ, ਜਿਸ ਵਿਚ ਕੁਝ ਵੀ ਲੁਕਾਉਣ ਵਾਲਾ ਨਹੀਂ ਹੈ। ਬੁਚ ਦੰਪਤੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਹਿੰਡਨਬਰਗ, ਜਿਸ ਖਿਲਾਫ਼ ਸੇਬੀ ਨੇ ਕਾਰਵਾਈ ਕੀਤੀ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਵੱਲੋਂ ਬਦਲੇ ਵਿਚ ਉਨ੍ਹਾਂ ਦੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਅਮਰੀਕਾ ਦੇ ਸ਼ਾਰਟ ਸੈੱਨਰ ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਸੀ ਕਿ ਸੇਬੀ ਮੁਖੀ (ਮਾਧਵੀ ਪੁਰੀ ਬੁਚ) ਤੇ ਉਨ੍ਹਾਂ ਦੇ ਪਤੀ ਦੀ ਅਡਾਨੀ ਔਫਸ਼ੋਰ ਐਂਟਿਟੀਜ਼ ਵਿਚ ਕਥਿਤ 8.7 ਲੱਖ ਡਾਲਰ ਦੀ ਹਿੱਸੇਦਾਰੀ ਸੀ, ਜਿਸ ਕਰਕੇ ਮਾਰਕੀਟ ਰੈਗੂਲੇਟਰ ਵੱਲੋਂ 18 ਮਹੀਨਿਆਂ ਬਾਅਦ ਵੀ ਅਡਾਨੀ ਸਮੂਹ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਧਵੀ ਪੁਰੀ ਬੁਚ 2017 ਵਿਚ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੀ ਕੁੱਲਵਕਤੀ ਮੈਂਬਰ ਤੇ ਮਾਰਚ 2022 ਵਿਚ ਚੇਅਰਪਰਸਨ ਬਣੀ ਸੀ। ਉਧਰ ਕਾਂਗਰਸ ਨੇ ਕਿਹਾ ਕਿ ਹਿੰਡਨਬਰਗ ਰਿਸਰਚ ਦੇ ਉਪਰੋਕਤ ਦਾਅਵੇ ਮਗਰੋੋਂ ਪਾਰਟੀ ਵੱਲੋਂ ‘ਅਡਾਨੀ ਮੈਗਾ ਸਕੈਮ’ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਹੋਰ ਬਲ ਮਿਲਿਆ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਸੇਬੀ ਚੇਅਰਮੈਨ ਨੂੰ ਹਟਾਉਣ ਦੀ ਮੰਗ ਕੀਤੀ ਹੈ। -ਪੀਟੀਆਈ/ਏਜੰਸੀਆਂ