ਵਾਰਾਨਸੀ, 13 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਹਿੰਦੀ ਸਾਰੀਆਂ ਸਥਾਨਕ ਭਾਸ਼ਾਵਾਂ ਦੀ ਮਿੱਤਰ ਹੈ ਤੇ ਭਾਰਤ ਦੀ ਖੁਸ਼ਹਾਲੀ ਇਸ ਦੀਆਂ ਸਾਰੀਆਂ ਭਾਸ਼ਾਵਾਂ ਦੀ ਖੁਸ਼ਹਾਲੀ ਵਿੱਚ ਹੈ। ਅੱਜ ਇੱਥੇ ਆਲ ਇੰਡੀਆ ਰਾਜਭਾਸ਼ਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵੀ ਮੁਲਕ ਆਪਣੀਆਂ ਭਾਸ਼ਾਵਾਂ ਦੀ ਸੰਭਾਲ ਨਹੀਂ ਕਰ ਸਕਦਾ ਉਹ ਆਪਣੇ ਸੱਭਿਆਚਾਰ ਤੇ ਮੂਲ ਵਿਚਾਰਾਂ ਨੂੰ ਵੀ ਨਹੀਂ ਸੰਭਾਲ ਸਕਦਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਭਾਰਤੀ ਭਾਸ਼ਾਵਾਂ ਦੀ ਸੰਭਾਲ ਤੇ ਵਿਕਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਬੱਚੇ ਇਸ ਗੱਲ ਨੂੰ ਲੈ ਕੇ ਹੀਣ ਭਾਵਨਾ ਦੇ ਸ਼ਿਕਾਰ ਹੁੰਦੇ ਹਨ ਕਿ ਉਹ ਅੰਗਰੇਜ਼ੀ ਨਹੀਂ ਬੋਲ ਸਕਦੇ ਪਰ ਇਹ ਯਕੀਨੀ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਉਹ ਲੋਕ ਹੀਣ ਭਾਵਨਾ ਦੇ ਸ਼ਿਕਾਰ ਹੋਣਗੇ ਜੋ ਆਪਣ ਮਾਂ-ਬੋਲੀ ਨਹੀਂ ਬੋਲ ਸਕਣਗੇ। ਉਨ੍ਹਾਂ ਕਿਹਾ ਕਿ ਇੱਕ ਵਾਰ ਜੇਕਰ ਦੇਸ਼ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਤੇ ਇਸ ਦੀ ਭਾਸ਼ਾ ਪ੍ਰਸ਼ਾਸਨਿਕ ਭਾਸ਼ਾ ਬਣ ਗਈ ਤਾਂ ਭਾਰਤ ਆਪਣੇ ਆਪ ਮਹਾਰਿਸ਼ੀ ਪਤੰਜਲੀ ਤੇ ਪਾਣਿਨੀ ਵੱਲੋਂ ਦਿੱਤਾ ਗਿਆ ਗਿਆਨ ਹਾਸਲ ਕਰ ਲਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਜਿੱਥੇ ਲੋਕ ਆਪਣੀ ਮਾਂ ਬੋਲੀ ’ਚ ਗੱਲ ਕਰਨ ’ਚ ਫਖ਼ਰ ਸਮਝਦੇ ਹੋਣ। ਉਨ੍ਹਾਂ ਕਿਹਾ ਕਿ ਸਾਵਰਕਰ ਨੇ ਭਾਸ਼ਾਵਾਂ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਅਤੇ ਜੇਕਰ ਉਹ ਨਾ ਹੁੰਦੇ ਤਾਂ ਹਿੰਦੀ ਦੇ ਬਹੁਤ ਸਾਰੇ ਸ਼ਬਦ ਲੋਪ ਹੋ ਜਾਣੇ ਸਨ। -ਪੀਟੀਆਈ
ਪ੍ਰਿਯੰਕਾ ਵੱਲੋਂ ਸ਼ਾਹ ਦਾ ਬਿਆਨ ਸਿਆਸੀ ਜੁਮਲਾ ਕਰਾਰ
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਵਾਪਰੀਆਂ ਕੁਝ ਅਪਰਾਧਕ ਘਟਨਾਵਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਉਹ ‘ਗਹਿਣੇ ਪਾ ਕੇ ਨਿਕਲਣ’ ਵਾਲਾ ਜੁਮਲਾ ਛੱਡਦੇ ਹਨ ਪਰ ਇਹ ਤਾਂ ਰਾਜ ਦੀਆਂ ਔਰਤਾਂ ਨੂੰ ਹੀ ਪਤਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਟਵੀਟ ਕੀਤਾ, ‘ਦੇਸ਼ ਦੇ ਗ੍ਰਹਿ ਮੰਤਰੀ ਜੀ ‘ਗਹਿਣੇ ਲੱਦ ਕੇ ਨਿਕਲਣ’ ਵਾਲਾ ਜੁਮਲਾ ਦਿੰਦੇ ਹਨ ਪਰ ਇਹ ਤਾਂ ਯੂਪੀ ਦੀਆਂ ਔਰਤਾਂ ਨੂੰ ਹੀ ਪਤਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੂਝਣਾ ਪੈਂਦਾ ਹੈ।’ ਕਾਂਗਰਸ ਦੀ ਯੂਪੀ ਇੰਚਾਰਜ ਨੇ ਜ਼ੋਰ ਦੇ ਕੇ ਕਿਹਾ, ‘ਇਸ ਲਈ ‘ਲੜਕੀ ਹਾਂ ਲੜ ਸਕਦੀ ਹਾਂ’ ਜ਼ਰੂਰੀ ਹੈ ਤਾਂ ਜੋ ਸਿਆਸਤ ਵਿੱਚ ਤੇ ਸੁਰੱਖਿਆ ਨਾਲ ਜੁੜੀਆਂ ਨੀਤੀਆਂ ਬਣਾਉਣ ’ਚ ਮਹਿਲਾਵਾਂ ਦੀ ਹਿੱਸੇਦਾਰੀ ਵਧੇ।’ -ਪੀਟੀਆਈ