ਰਾਏਪੁਰ: ਛੱਤੀਸਗੜ੍ਹ ਪੁਲੀਸ ਨੇ ਹਿੰਦੂ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਨੂੰ ਮਹਾਤਮਾ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਿਦੱਤਾ ਹੈ। ਇਸ ਗ੍ਰਿਫ਼ਤਾਰੀ ਮਗਰੋਂ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਤੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਇਹ ਕਾਰਵਾਈ ਅੰਦਰ-ਰਾਜ ਮਰਿਆਦਾ ਦੀ ਉਲੰਘਣਾ ਹੈ। ਦੂਜੇ ਪਾਸੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਸ੍ਰੀ ਮਿਸ਼ਰਾ ਨੂੰ ਸਵਾਲ ਕੀਤਾ ਕਿ ਉਹ ਮਹਾਤਮਾ ਗਾਂਧੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਖੁਸ਼ ਹਨ ਜਾਂ ਦੁਖੀ ਹਨ। ਬਘੇਲ ਨੇ ਨਾਲ ਹੀ ਕਿ ਦੁਨੀਆਂ ਨੂੰ ਅਮਨ ਤੇ ਅਹਿੰਸਾ ਦਾ ਸੁਨੇਹਾ ਦੇਣ ਵਾਲੇ ਰਾਸ਼ਟਰਪਿਤਾ ਖ਼ਿਲਾਫ਼ ਜੋ ਕੋਈ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਏਪੁਰ ਜ਼ਿਲ੍ਹੇ ਦੇ ਐੱਸਪੀ ਪ੍ਰਸ਼ਾਂਤ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਕਾਲੀਚਰਨ ਮਹਾਰਾਜ ਉਰਫ਼ ਅਭਿਜੀਤ ਧਨੰਜੈ ਸਰਾਗ ਨੂੰ ਅੱਜ ਤੜਕੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਕਾਲੀਚਰਨ ਮੱਧ ਪ੍ਰਦੇਸ਼ ਦੇ ਖਜੂਰਾਹੋ ਸ਼ਹਿਰ ਤੋਂ 25 ਕਿਲੋਮੀਟਰ ਦੂਰ ਬਾਗੇਸ਼ਵਰ ਧਾਮ ਨੇੜੇ ਇੱਕ ਕਿਰਾਏ ਦੇ ਕਮਰੇ ’ਚ ਰੁਕਿਆ ਹੋਇਆ ਹੈ। ਇਸੇ ਦੌਰਾਨ ਕਾਲੀਚਰਨ ਦੀ ਹਿਰਾਸਤ ਹਾਸਲ ਕਰਨ ਲਈ ਪੁਣੇ ਪੁਲੀਸ ਦੀ ਟੀਮ ਛੱਤੀਸਗੜ੍ਹ ਲਈ ਰਵਾਨਾ ਹੋ ਗਈ ਹੈ। ਮਹਾਰਾਸ਼ਟਰ ਦੇ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਦੀ ਪੁਲੀਸ ਕਾਲੀਚਰਨ ਦੀ ਹਿਰਾਸਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਕਾਲੀਚਰਨ ਖ਼ਿਲਾਫ਼ ਦੇਸ਼ਧਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ। -ਪੀਟੀਆਈ