ਵਰਧਾ, 12 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ‘ਖ਼ੂਬਸੂਰਤ ਹੀਰੇ’ ਵਾਂਗ ਹੈ, ਜਿਸ ਦੇ ਅੰਦਰ ਕਦੇ ਵੀ ਖ਼ਤਮ ਨਾ ਹੋਣ ਵਾਲੀ ਤਾਕਤ ਹੈ, ਪਰ ਹਾਲ ਦੀ ਘੜੀ ਇਹ ਭਾਜਪਾ ਦੇ ਪ੍ਰਛਾਵੇਂ ਕਰਕੇ ਦੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਹਿੰਦੁਤਵ ਤੇ ਹਿੰਦੂ ਫਲਸਫ਼ਾ ਦੋ ਵੱਖੋ ਵੱਖਰੀਆਂ ਧਾਰਨਾਵਾਂ ਹਨ। ਇਥੇ ਸੇਵਾਗ੍ਰਾਮ ਆਸ਼ਰਮ ਵੱਲੋਂ ਕਰਵਾਏ ‘ਆਲ ਇੰਡੀਆ ਕਾਂਗਰਸ ਕਮੇਟੀ ਦੇ ਓਰੀਐਂਟੇਸ਼ਨ ਪ੍ਰੋਗਰਾਮ’ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਜੇਕਰ ਰਵਾਂ ਕੀਤੀ ਜਾਵੇ ਤਾਂ ਕਾਂਗਰਸ ਦੀ ਵਿਚਾਰਧਾਰਾ ਜਿਹੜੀ ਸਜੀਵ ਤੇ ਸੰਵੇਦਨਸ਼ੀਲ ਹੈ, ਭਾਜਪਾ-ਆਰਐੱਸਐੱਸ ਦੀ ਵਿਚਾਰਧਾਰਾ ਨੂੰ ਢਕ ਦੇਵੇਗੀ। ਉਨ੍ਹਾਂ ਪਾਰਟੀ ਨੁਮਾਇੰਦਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਪਾਰਟੀ ਦੇ ਵਿਚਾਰਾਂ ਨੂੰ ਸੰਸਥਾ ਦੇ ਅੰਦਰ ਹੀ ਮਜ਼ਬੂਤ ਕਰਨ ਦੇ ਨਾਲ ਇਨ੍ਹਾਂ ਨੂੰ ਦੇਸ਼ ਭਰ ਵਿੱਚ ਫੈਲਾਉਣ। ਰਾਹੁਲ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂਕਿ ਕਾਂਗਰਸ ਆਗੂ ਸਲਮਾਨ ਖ਼ੁਰਸ਼ੀਦ ਦੀ ‘ਅਯੁੱਧਿਆ’ ਬਾਰੇ ਕਿਤਾਬ ਵਿੱਚ ‘ਹਿੰਦੁਤਵ’ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤੀ ਸਮੂਹਾਂ ਨਾਲ ਮੇਲਦੀਆਂ ਦੋ ਲਾਈਨਾਂ ਕਰਕੇ ਵਿਵਾਦ ਖੜ੍ਹਾ ਹੋ ਗਿਆ ਸੀ। ਰਾਹੁਲ ਗਾਂਧੀ ਨੇ ਕਿਹਾ, ‘‘ਸਾਨੂੰ ਇਹ ਗੱਲ ਕਬੂਲ ਕਰਨੀ ਹੋਵੇਗੀ ਕਿ ਭਾਰਤ ਵਿੱਚ ਦੋ ਵਿਚਾਰਧਾਰਾਵਾਂ ਹਨ- ਇਕ ਕਾਂਗਰਸ ਦੀ ਤੇ ਦੂਜੀ ਆਰਐੱਸਐੱਸ ਦੀ। ਸਾਨੂੰ ਇਹ ਗੱਲ ਵੀ ਮੰਨਣੀ ਹੋਵੇਗੀ ਕਿ ਭਾਜਪਾ-ਆਰਐੱਸਐੱਸ ਨੇ ਅੱਜ ਦੇ ਭਾਰਤ ਵਿੱਚ ਨਫ਼ਰਤ ਫੈਲਾਈ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਗਵਾਂ ਪਾਰਟੀ ਨੇ ਮੀਡੀਆ ਨੂੰ ‘ਪੂਰੀ ਤਰ੍ਹਾਂ ਆਪਣੇ ਕਲਾਵੇ’ ਵਿੱਚ ਲੈ ਰੱਖਿਆ ਹੈ। ਗਾਂਧੀ ਨੇ ਕਿਹਾ, ‘‘ਸਾਡੀ ਪਾਰਟੀ ਦੀ ਵਿਚਾਰਧਾਰਾ ਨੂੰ ਭਾਜਪਾ-ਆਰਐੱਸਐੱਸ ਦੀ ਵਿਚਾਰਧਾਰਾ ਹੇਠ ਦੱਬਿਆ ਜਾ ਰਿਹੈ ਕਿਉਂਕਿ ਮੀਡੀਆ ਪੂਰੀ ਤਰ੍ਹਾਂ ਉਨ੍ਹਾਂ ਦੇ ਕਲਾਵੇ ਵਿੱਚ ਹੈ। ਭਾਜਪਾ ਦੇ ਪ੍ਰਛਾਵੇਂ ਹੇਠ ਦੱਬੇ ਹੋਣ ਕਰਕੇ ਸਾਡੀ ਆਪਣੀ ਵਿਚਾਰਧਾਰਾ ਸਾਡੇ ਆਪਣੇ ਲੋਕਾਂ ਤੱਕ ਨਹੀਂ ਪੁੱਜ ਰਹੀ।’’ ਰਾਹੁਲ ਨੇ ਕਿਹਾ, ‘‘ਅਸੀਂ ਕਹਿੰਦੇ ਹਾਂ ਕਿ ਹਿੰਦੁਤਵ ਤੇ ਹਿੰਦੂ ਧਰਮ ਵਿੱਚ ਫ਼ਰਕ ਹੈ। ਇਹ ਸਾਧਾਰਨ ਤਰਕ ਹੈ…ਜੇਕਰ ਤੁਸੀਂ ਹਿੰਦੂ ਹੋ ਤਾਂ ਫਿਰ ਤੁਹਾਨੂੰ ਹਿੰਦੁਤਵ ਦੀ ਕੀ ਲੋੜ ਹੈ? ਤੁਹਾਨੂੰ ਇਸ ਨਵੇਂ ਨਾਂਅ ਦੀ ਕੀ ਲੋੜ ਹੈ।’’ -ਪੀਟੀਆਈ
ਕਾਂਗਰਸ ਆਗੂਆਂ ਦੀ ਰਗ-ਰਗ ’ਚ ਹਿੰਦੂਤਵ ਪ੍ਰਤੀ ਨਫ਼ਰਤ ਦੀ ਭਾਵਨਾ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਲੀਡਰਸ਼ਿਪ ਦੀ ਰਗ-ਰਗ ’ਚ ਹਿੰਦੂਤਵ ਪ੍ਰਤੀ ਨਫ਼ਰਤ ਦੀ ਭਾਵਨਾ ਹੈ। ਰਾਹੁਲ ਗਾਂਧੀ ’ਤੇ ਵਰ੍ਹਦਿਆਂ ਭਾਜਪਾ ਨੇ ਕਿਹਾ ਕਿ ਉਸ ਦੀ ਸ਼ਹਿ ’ਤੇ ਹੀ ਸਲਮਾਨ ਖੁਰਸ਼ੀਦ, ਸ਼ਸ਼ੀ ਥਰੂਰ ਅਤੇ ਪੀ ਚਿਦੰਬਰਮ ਵਰਗੇ ਕਾਂਗਰਸ ਆਗੂ ਧਰਮ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਂਦੇ ਹਨ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਰਾਹੁਲ ’ਤੇ ਉਸ ਵੇਲੇ ਸ਼ਬਦੀ ਹਮਲਾ ਬੋਲਿਆ ਜਦੋਂ ਕਾਂਗਰਸ ਆਗੂ ਨੇ ਹਿੰਦੂਤਵ ਅਤੇ ਹਿੰਦੂਵਾਦ ਵਿਚਕਾਰ ਫਰਕ ਕਰਨ ’ਤੇ ਜ਼ੋਰ ਦਿੱਤਾ ਹੈ। ਰਾਹੁਲ ਨੇ ਦੋਸ਼ ਲਾਇਆ ਹੈ ਕਿ ਆਰਐੱਸਐੱਸ-ਭਾਜਪਾ ਦੀ ਵਿਚਾਰਧਾਰਾ ਦੇਸ਼ ’ਚ ਨਫ਼ਰਤ ਫੈਲਾਉਣ ਵਾਲੀ ਰਹੀ ਹੈ। ਪਾਤਰਾ ਨੇ ਕਿਹਾ ਕਿ ਰਾਹੁਲ ਦਾ ਹਿੰਦੂਵਾਦ ਅਤੇ ਇਸ ਦੇ ਸੱਭਿਆਚਾਰ ਬਾਰੇ ਆਲੋਚਨਾਤਮਕ ਬਿਆਨ ਦੇਣ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਚਰਿੱਤਰ ਦਾ ਹਿੱਸਾ ਰਿਹਾ ਹੈ। ਕਾਂਗਰਸ ਆਗੂਆਂ ਥਰੂਰ ਅਤੇ ਚਿਦੰਬਰਮ ਵੱਲੋਂ ਹਿੰਦੂ ਪਾਕਿਸਤਾਨ, ਹਿੰਦੂ ਤਾਲਿਬਾਨ ਅਤੇ ਭਗਵਾ ਦਹਿਸ਼ਤਗਰਦੀ ਜਿਹੇ ਸ਼ਬਦਾਂ ਦੀ ਵਰਤੋਂ ਦਾ ਜ਼ਿਕਰ ਕਰਦਿਆਂ ਪਾਤਰਾ ਨੇ ਕਿਹਾ ਕਿ ਉਹ ਰਾਹੁਲ ਦੀ ਸ਼ਹਿ ’ਤੇ ਅਜਿਹੇ ਵਿਵਾਦਤ ਬਿਆਨ ਦਿੰਦੇ ਹਨ। ਉਨ੍ਹਾਂ ਦਿਗਵਿਜੈ ਸਿੰਘ ਅਤੇ ਮਣੀ ਸ਼ੰਕਰ ਅਈਅਰ ਦੇ ਬਿਆਨਾਂ ਦਾ ਹਵਾਲਾ ਵੀ ਦਿੱਤਾ। ‘ਉਹ ਜੋ ਕੁਝ ਆਖਦੇ ਹਨ ਉਹ ਕੋਈ ਇਤਫਾਕ ਨਹੀਂ ਹੈ ਸਗੋਂ ਤਜਰਬਾ ਹੈ। ਇਸ ਤਜਰਬੇ ਵਾਲੀ ਲੈਬ ਦਾ ਹੈੱਡਮਾਸਟਰ ਰਾਹੁਲ ਗਾਂਧੀ ਹੈ।’ ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਆਪਣੀ ਕਿਤਾਬ ’ਚ ਹਿੰਦੂਤਵ ਦੀ ਤੁਲਨਾ ਆਈਐੱਸਆਈਐੱਸ ਅਤੇ ਬੋਕੋ ਹਰਾਮ ਜਿਹੀਆਂ ਦਹਿਸ਼ਤੀ ਜਥੇਬੰਦੀਆਂ ਨਾਲ ਕੀਤੀ ਸੀ ਜਿਸ ਮਗਰੋਂ ਭਾਜਪਾ ਨੇ ਗਾਂਧੀ ਪਰਿਵਾਰ ਨੂੰ ਨਿਸ਼ਾਨੇ ’ਤੇ ਲਿਆ ਹੈ। -ਪੀਟੀਆਈ